Moga News: ਕਿਸਮਤ ਕਦੋਂ ਪਲਟ ਜਾਵੇ, ਇਹ ਕਿਹਾ ਨਹੀਂ ਜਾ ਸਕਦਾ। ਐਸਾ ਹੀ ਇੱਕ ਵਾਕਿਆ ਵਾਪਰਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਜੀਰਾ ਵਿੱਚ, ਜਿੱਥੇ ਮੋਗਾ ਦੇ ਪਿੰਡ ਫਤਿਹਗੜ੍ਹ ਦਾ ਰਹਿਣ ਵਾਲਾ ਨੌਜਵਾਨ ਜਸਮੇਲ ਸਿੰਘ ਛੇ ਰੁਪਏ ਦੀ ਲਾਟਰੀ ਨਾਲ ਇੱਕ ਕਰੋੜ ਰੁਪਏ ਦਾ ਇਨਾਮ ਜਿੱਤ ਗਿਆ।
ਜਸਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਜੀਰਾ ਵਿਖੇ ਲਾਟਰੀ ਸਟਾਲ ਤੋਂ ਛੇ ਰੁਪਏ ਦੀ ਲਾਟਰੀ ਖਰੀਦੀ ਸੀ। ਅਗਲੇ ਦਿਨ ਸਵੇਰੇ ਜਦੋਂ ਉਸ ਨੂੰ ਫ਼ੋਨ ਰਾਹੀਂ ਇਹ ਜਾਣਕਾਰੀ ਮਿਲੀ ਕਿ ਉਸ ਦੀ ਲਾਟਰੀ ‘ਚ ਇਕ ਕਰੋੜ ਰੁਪਏ ਨਿਕਲੇ ਹਨ, ਤਾਂ ਪਹਿਲਾਂ ਉਸ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਪਰ ਜਦੋਂ ਉਸ ਨੇ ਲਾਟਰੀ ਸਟਾਲ ਤੇ ਜਾ ਕੇ ਆਪਣੀ ਟਿਕਟ ਦੀ ਜਾਂਚ ਕਰਵਾਈ, ਤਾਂ ਇਹ ਸੱਚ ਸਾਬਤ ਹੋ ਗਿਆ।
ਇਨਾਮ ਦੀ ਪੁਸ਼ਟੀ ਹੋਣ ਉਪਰੰਤ, ਜਸਮੇਲ ਸਿੰਘ ਨੇ ਢੋਲੀ ਬੁਲਾਏ, ਭੰਗੜੇ ਪਾਏ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਸ ਨੇ ਕਿਹਾ ਕਿ ਉਹ ਲਾਟਰੀ ਰਾਹੀਂ ਮਿਲੇ ਪੈਸਿਆਂ ਨਾਲ ਪਹਿਲਾਂ ਆਪਣਾ ਕਰਜ਼ਾ ਉਤਾਰੇਗਾ, ਬੱਚਿਆਂ ਦੇ ਚੰਗੇ ਭਵਿੱਖ ਲਈ ਖਰਚ ਕਰੇਗਾ ਅਤੇ ਕਿਸੇ ਲੋੜਵੰਦ ਦੀ ਵੀ ਮਦਦ ਕਰੇਗਾ।
ਜਸਮੇਲ ਸਿੰਘ ਪਹਿਲਾਂ ਵੀ ਇੱਕ-ਦੋ ਵਾਰੀ ਲਾਟਰੀ ਖੇਡ ਚੁੱਕਾ ਹੈ ਪਰ ਇਸ ਵਾਰ ਉਸ ਦੀ ਕਿਸਮਤ ਨੇ ਸੱਚਮੁੱਚ ਵੱਡਾ ਸਾਥ ਦਿੱਤਾ।