ਅੰਮ੍ਰਿਤਸਰ, 30 ਜੁਲਾਈ 2025 –ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਪੈਟਰੋਲ ਟੈਂਕਰ ਟਰੱਕ ਦਾ ਟਾਇਰ ਅਚਾਨਕ ਫਟਣ ਕਾਰਨ ਵਾਹਨ ਬੇਕਾਬੂ ਹੋ ਗਿਆ ਅਤੇ ਸਾਹਮਣੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਮਗਰੋਂ ਕਾਰ ਰੈਲਿੰਗ ਨਾਲ ਜਾ ਟਕਰਾਈ ਅਤੇ ਫਿਰ ਉਸ ਨੂੰ ਅੱਗ ਲੱਗ ਗਈ।
ਇਹ ਘਟਨਾ ਅੰਮ੍ਰਿਤਸਰ ਦੇ ਜੰਡਿਆਲਾ ਇਲਾਕੇ ਨੇੜੇ ਵਾਪਰੀ। ਚਸ਼ਮਦੀਦ ਗਵਾਹ ਦਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਜਲੰਧਰ ਵੱਲੋਂ ਆ ਰਿਹਾ ਸੀ ਅਤੇ ਜਿਵੇਂ ਹੀ ਜੰਡਿਆਲੇ ਨੇੜੇ ਪਹੁੰਚਿਆ, ਉਸਦਾ ਟਾਇਰ ਫੱਟ ਗਿਆ। ਬੇਕਾਬੂ ਹੋਏ ਟਰੱਕ ਨੇ ਉਲਟ ਸਾਈਡੋਂ ਆ ਰਹੀ ਬ੍ਰਿਜਾ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਕਾਰ ਰੈਲਿੰਗ ਨਾਲ ਜਾ ਟਕਰਾਈ ਅਤੇ ਅੱਗ ਲੱਗ ਗਈ।
ਕਾਰ ‘ਚ ਸਵਾਰ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
SHO ਜੰਡਿਆਲਾ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾ ਹੁੰਦਲ ਪੈਟਰੋਲ ਪੰਪ ਨੇੜੇ ਵਾਪਰਿਆ, ਜਿੱਥੇ ਟਰੱਕ, ਜੋ ਕਿ ਜਲੰਧਰ ਤੋਂ ਤੇਲ ਲੈ ਕੇ ਆ ਰਿਹਾ ਸੀ, ਉਸਦਾ ਟਾਇਰ ਫੱਟ ਗਿਆ ਸੀ।
ਟੱਕਰ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ।
ਮੌਕੇ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ। ਹਾਲਾਤ ਦੀ ਨਜਾਕਤ ਦੇ ਮੱਦੇਨਜ਼ਰ ਜਾਂਚ ਜਾਰੀ ਹੈ।