Punjab News: ਫਰੀਦਕੋਟ ਦੇ ਨਹਿਰੂ ਸ਼ੋਪਿੰਗ ਸੈਂਟਰ ਅਤੇ ਤਲਵੰਡੀ ਚੌਂਕ ਦੀਆਂ ਚਾਰ ਦੁਕਾਨਾਂ ਵਿੱਚ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਕਾਰ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਉਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਘਟਨਾ ਥਾਨਾ ਸਿਟੀ ਤੋਂ ਮਹਿਜ 100 ਮੀਟਰ ਦੂਰੀ ਤੇ ਵਾਪਰੀ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਚੋਕਸ ਰਹਿਣ ਦੇ ਦਾਅਵੇਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਲੰਘੀ ਰਾਤ ਕਾਰ ਵਿੱਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਵਿਅਕਤੀਆਂ ਵਲੋਂ ਇੰਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਉਨਾਂ ਵੱਲੋਂ ਨਹਿਰੂ ਸ਼ਾਪਿੰਗ ਸੈਂਟਰ ਅਤੇ ਤਲਵੰਡੀ ਚੌਂਕ ਨੇੜੇ ਕੁੱਲ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹਨਾਂ ਦੁਕਾਨਾਂ ਵਿੱਚੋਂ ਗੱਲੇ ਵਿੱਚ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ। ਅੱਜ ਸਵੇਰੇ ਸੈਰ ਕਰਨ ਵਾਲੇ ਲੋਕਾਂ ਨੂੰ ਸ਼ਟਰ ਟੂਟੇ ਵੇਖ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਿਸਤੋ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਜਦ ਉਹਨਾਂ ਨੇ ਸਮਾਨ ਚੈੱਕ ਕੀਤਾ ਤਾਂ ਵੇਖਿਆ ਕਿ ਉਨਾਂ ਦੀ ਦੁਕਾਨਾਂ ਦੇ ਗਲਿਆਂ ਵਿੱਚ ਪਈ ਨਗਦੀ ਅਤੇ ਹੋਰ ਸਮਾਨ ਗਾਇਬ ਸੀ।
ਦੱਸਣ ਯੋਗ ਹੋਵੇਗਾ ਕਿ ਨਹਿਰੂ ਸ਼ੋਪਿੰਗ ਸੈਂਟਰ ਅਤੇ ਤਲਵੰਡੀ ਚੌਕ,ਥਾਣਾ ਸਿਟੀ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਹੈ। ਇਹੋ ਜਿਹੇ ਹਾਲਾਤਾਂ ਵਿੱਚ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਉਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਰਾਤ ਦੇ ਸਮੇਂ ਆਏ ਮੁਲਜਮਾਂ ਨੇ ਦੁਕਾਨਾਂ ਦੇ ਸ਼ਟਰ ਭੰਨੇ ਅਤੇ ਸਮਾਨ ਸਮੇਤ ਨਗਦੀ ਲੈਕੇ ਫਰਾਰ ਹੋ ਗਏ। ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੁਲਜਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਰੱਖੀ।
ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਦੀ ਘਟਨਾ ਹੈ ਚੋਰਾਂ ਵੱਲੋਂ ਦੁਕਾਨਦਾਰਾਂ ਤੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਹੈ। ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।