ਅੰਮ੍ਰਿਤਸਰ ਤੋਂ ਹਰਮੀਤ ਸਿੰਘ ਦੀ ਰਿਪੋਰਟ
Civil Hospital Ajnala: ਅੰਮ੍ਰਿਤਸਰ ਦੇ ਅਜਨਾਲਾ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਪਿਛਲੇ ਕਰੀਬ ਇੱਕ ਸਾਲ ਤੋਂ ਬੰਦ ਪਿਆ ਹੈ। ਇਹ ਆਕਸੀਜਨ ਪਲਾਂਟ ਕੋਵਿਡ ਦੌਰਾਨ ਲਗਾਇਆ ਗਿਆ ਸੀ, ਪਰ ਚੋਰਾਂ ਵੱਲੋਂ ਪਾਈਪਾਂ ਦੀ ਚੋਰੀ ਤੋਂ ਬਾਅਦ ਇਹ ਪਲਾਂਟ ਅਜੇ ਤੱਕ ਠੀਕ ਨਹੀਂ ਹੋ ਸਕਿਆ।ਹਾਲ ਹੀ ਵਿੱਚ ਜਲੰਧਰ ਦੇ ਸਰਕਾਰੀ ਹਸਪਤਾਲ ‘ਚ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਹਲਚਲ ਵਿੱਚ ਆਇਆ ਹੈ। ਅਜਨਾਲਾ ਹਸਪਤਾਲ ਦੇ ਕਾਰਜਕਾਰੀ ਐਸਐਮਓ ਨੇ ਦੱਸਿਆ ਕਿ ਉਹ ਡੀਸੀ ਦੇ ਨਾਲ ਮੀਟਿੰਗ ਵਿੱਚ ਹਨ, ਅਤੇ ਇਸ ਮਸਲੇ ‘ਤੇ ਜਲਦੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਲਾਂਕਿ ਹਸਪਤਾਲ ਵਿੱਚ ਆਕਸੀਜਨ ਸਿਲਿੰਡਰ ਉਪਲਬਧ ਹਨ, ਪਰ ਜੇਕਰ ਇਲਾਕੇ ਵਿੱਚ ਕੋਈ ਵੱਡਾ ਹਾਦਸਾ ਵਾਪਰਦਾ ਹੈ, ਤਾਂ ਇਨ੍ਹਾਂ ਸਿਲਿੰਡਰਾਂ ਨਾਲ ਹਾਲਾਤ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਸਕਦਾ ਹੈ।
ਸਥਾਨਕ ਲੋਕਾਂ ਦੇ ਅਨੁਸਾਰ, ਹਸਪਤਾਲ ਵਿੱਚ ਸੁਰੱਖਿਆ ਦੀ ਭਾਰੀ ਕਮੀ ਹੈ। ਨਾ ਸਿਰਫ ਆਕਸੀਜਨ ਪਲਾਂਟ ਦੀਆਂ ਪਾਈਪਾਂ ਚੋਰੀ ਹੋਈਆਂ ਹਨ, ਬਲਕਿ ਐਮਰਜੰਸੀ ਅਤੇ ਓਟੀ (ਆਪਰੇਸ਼ਨ ਥੀਟਰ) ‘ਚੋਂ ਵੀ ਕਈ ਵਾਰ ਸਮਾਨ ਚੋਰੀ ਹੋ ਚੁੱਕਾ ਹੈ।
ਕਾਰਜਕਾਰੀ ਐਸਐਮਓ ਨੇ ਮੰਨਿਆ ਕਿ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਨੂੰ ਵੀ ਵਾਰੀ-ਵਾਰੀ ਸੂਚਿਤ ਕੀਤਾ ਗਿਆ ਹੈ, ਪਰ ਹਾਲੇ ਤੱਕ ਸੁਰੱਖਿਆ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਹੋਇਆ।
ਸਵਾਲ ਇਹ ਉਠਦਾ ਹੈ ਕਿ ਜਦ ਤੱਕ ਆਕਸੀਜਨ ਪਲਾਂਟ ਨੂੰ ਦੁਬਾਰਾ ਚਾਲੂ ਨਹੀਂ ਕੀਤਾ ਜਾਂਦਾ ਅਤੇ ਹਸਪਤਾਲ ਦੀ ਸੁਰੱਖਿਆ ਨੂੰ ਮਜ਼ਬੂਤ ਨਹੀਂ ਬਣਾਇਆ ਜਾਂਦਾ, ਤਦ ਤੱਕ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਕਿੰਨੀ ਹੱਦ ਤੱਕ ਖ਼ਤਰੇ ‘ਚ ਹੈ?