ਲਾਹੌਲ (ਹਿਮਾਚਲ ਪ੍ਰਦੇਸ਼)/ਮੋਹਾਲੀ, 24 ਜੁਲਾਈ: ਨਸ਼ਿਆਂ ਵਿਰੁੱਧ ਲੜਾਈ ਵਿਚ ਸਮਰਪਿਤ ਪੰਜਾਬ ਪੁਲਿਸ ਦੇ ਐਸ.ਪੀ. ਗੁਰਜੋਤ ਸਿੰਘ ਕਲੇਰ ਨੇ ਹਿਮਾਚਲ ਪ੍ਰਦੇਸ਼ ਦੀ ਉੱਚਾਈ ਵਾਲੀ ਸ਼ਿੰਕੁਨ ਈਸਟ ਚੋਟੀ (6,080 ਮੀਟਰ) ਨੂੰ ਫਤਹ ਕਰਕੇ ਨਾਂ ਸਿਰਫ ਤਿਰੰਗਾ ਲਹਿਰਾਇਆ, ਸਗੋਂ “ਯੁੱਧ ਨਸ਼ਿਆਂ ਵਿਰੁੱਧ” ਦਾ ਜੋਸ਼ੀਲਾ ਸੰਦੇਸ਼ ਵੀ ਦਿੱਤਾ।
ਗੁਰਜੋਤ ਸਿੰਘ ਕਲੇਰ ਮੋਹਾਲੀ ਨਿਵਾਸੀ ਹਨ ਅਤੇ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੇ ਪੂਰਵ ਵਿਦਿਆਰਥੀ ਵੀ ਰਹਿ ਚੁੱਕੇ ਹਨ। ਉਹ ਪੰਜਾਬ ’ਚ ਨਸ਼ੇ ਵਿਰੁੱਧ ਜਾਗਰੂਕਤਾ ਲਈ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹਨ।
ਆਖਰੀ ਦਿਨ ਰਹਿਆ ਸਭ ਤੋਂ ਚੁਣੌਤੀਪੂਰਨ
ਐਸ.ਪੀ. ਕਲੇਰ ਨੇ ਦੱਸਿਆ ਕਿ
“ਇਸ ਚੜ੍ਹਾਈ ਦਾ ਆਖਰੀ ਦਿਨ ਸਭ ਤੋਂ ਮੁਸ਼ਕਲ ਸੀ ਕਿਉਂਕਿ ਇੱਕੋ ਦਿਨ ਵਿੱਚ 1,500 ਮੀਟਰ ਦੀ ਸੀਧੀ ਚੜ੍ਹਾਈ ਸੀ। ਬਰਫ ਨਾਲ ਢੱਕੀ ਹੋਈ ਤੇਜ਼ ਢਲਾਨਾਂ, ਗਲੈਸ਼ੀਅਰ ਦੀਆਂ ਗਹਿਰੀ ਦਰਾਰਾਂ ਅਤੇ ਘੱਟ ਆਕਸੀਜਨ ਨੇ ਸਰੀਰਕ ਅਤੇ ਮਾਨਸਿਕ ਦੋਵਾਂ ਤੌਰ ‘ਤੇ ਸਾਡੀ ਕਸੌਟੀ ਲਈ। ਪਰ ਅਸੀਂ ਆਪਣੀ ਟੈਕਨੀਕ ਤੇ ਧੀਰਜ ਨਾਲ ਕੰਮ ਕੀਤਾ ਅਤੇ ਅਖ਼ੀਰਕਾਰ ਸਫਲ ਹੋਏ।“
ਏ.ਬੀ.ਵੀ.ਆਈ.ਐੱਮ.ਏ.ਐੱਸ. ਦੀ ਟੀਮ ਨਾਲ ਮਿਲ ਕੇ ਮੁਹਿੰਮ
ਇਹ ਮੁਹਿੰਮ ਅਟਲ ਬਿਹਾਰੀ ਵਾਜਪਈ ਪਹਾੜੀ ਚੜ੍ਹਾਈ ਅਤੇ ਸੰਬੰਧਤ ਖੇਡ ਸੰਸਥਾਨ (ABVIMAS), ਮਨਾਲੀ ਦੀ ਤਕਨੀਕੀ ਟੀਮ ਦੇ ਸਹਿਯੋਗ ਨਾਲ ਚਲਾਈ ਗਈ। ਮੁਹਿੰਮ ਦੀ ਅਗਵਾਈ ਡਾਇਰੈਕਟਰ ਅਵਿਨਾਸ਼ ਨੇਗੀ ਕਰ ਰਹੇ ਸਨ। ਟੀਮ ਵਿੱਚ ਲੁਦਰ ਸਿੰਘ, ਦੇਸ਼ ਰਾਜ, ਭਗ ਸਿੰਘ, ਦੀਨਾ ਨਾਥ, ਭੂਵੀ, ਫ੍ਰੈਡੀ ਆਦਿ ਅਨੁਭਵੀ ਟਰੇਨਰ ਸ਼ਾਮਲ ਸਨ।
ਕੁੱਲ 60 ਤੋਂ ਵੱਧ ਲੋਕਾਂ ਨੇ ਇਹ ਮਿਸ਼ਨ ਜੁਆਇਨ ਕੀਤਾ ਸੀ, ਪਰ ਚੋਟੀ ਉੱਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੀ ਟੀਮ 6 ਪਹਾੜੀ ਚੜ੍ਹਾਈ ਵਿਦਵਾਨਾਂ ਦੀ ਸੀ, ਜਿਸ ਵਿੱਚ ਐਸ.ਪੀ. ਕਲੇਰ ਵੀ ਸਨ।