Punjab Heat Alert: ਪੰਜਾਬ ‘ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.3 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ, ਜੋ ਆਮ ਤਾਪਮਾਨ ਨਾਲੋਂ 5.4 ਡਿਗਰੀ ਵੱਧ ਹੈ। ਬਠਿੰਡਾ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ। ਇੱਥੇ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਰਾਜ ਦੇ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।
ਅੱਜ 18 ਜ਼ਿਲ੍ਹਿਆਂ ਵਿੱਚ ਲੂ (heat wave) ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਦੇ ਸਮੇਂ ਵੀ ਗਰਮੀ ਵਧਣ ਦੀ ਸੰਭਾਵਨਾ ਹੈ। ਇਹ ਹਾਲਤ 12 ਜੂਨ ਤੱਕ ਬਣੀ ਰਹਿ ਸਕਦੀ ਹੈ, ਜਿਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ 13 ਸਾਲ ਬਾਅਦ ਪੰਜਾਬ ਵਿੱਚ ਇੰਨੀ ਭਿਆਨਕ ਗਰਮੀ ਪਈ ਹੈ। ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮ੍ਰਿਤਸਰ ਵਿੱਚ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ, ਚੰਡੀਗੜ੍ਹ ਦਾ ਤਾਪਮਾਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ। ਗਰਮੀ ਦੇ ਇਸ ਪ੍ਰਭਾਵ ਕਾਰਨ ਰਾਜ ਵਿੱਚ ਬਿਜਲੀ ਦੀ ਮੰਗ ਵੀ ਵੱਧ ਕੇ 16,249 ਮੈਗਾਵਾਟ ਤੱਕ ਪਹੁੰਚ ਗਈ ਹੈ।
ਰਾਜ ਵਿੱਚ ਅਜਿਹਾ ਰਹੇਗਾ ਮੌਸਮ
ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਅੱਜ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿੱਚ ਲੂ ਚੱਲੇਗੀ। ਇਨ੍ਹਾਂ ਇਲਾਕਿਆਂ ਵਿੱਚ ਰਾਤਾਂ ਵੀ ਗਰਮ ਰਹਿਣਗੀਆਂ। ਇਨ੍ਹਾਂ ਤੋਂ ਇਲਾਵਾ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਲੂ ਪੈਣ ਦੀ ਸੰਭਾਵਨਾ ਹੈ।
ਬਿਜਲੀ ਦੀ ਮੰਗ 16,249 ਮੈਗਾਵਾਟ ਤੱਕ ਪਹੁੰਚੀ
ਰਾਜ ’ਚ ਲੱਗ ਰਹੀ ਲੂ ਅਤੇ ਝੋਨੇ ਦੀ ਬਿਜਾਈ ਕਾਰਨ ਬਿਜਲੀ ਦੀ ਮੰਗ ਵਿੱਚ ਵੱਡਾ ਉਛਾਲ ਆਇਆ ਹੈ। ਮੰਗ 16,249 ਮੈਗਾਵਾਟ ਤੱਕ ਪਹੁੰਚ ਗਈ ਹੈ, ਜੋ ਕਿ ਸੋਮਵਾਰ ਨੂੰ ਦਰਜ ਕੀਤੀ 15,624 ਮੈਗਾਵਾਟ ਮੰਗ ਨਾਲੋਂ 625 ਮੈਗਾਵਾਟ ਵੱਧ ਹੈ।
ਮੰਗਲਵਾਰ ਨੂੰ ਇਹ ਮੰਗ ਪਿਛਲੇ ਦੋ ਸਾਲਾਂ ਦੇ ਰਿਕਾਰਡ ਨੂੰ ਪਾਰ ਕਰ ਗਈ। 2023 ਵਿੱਚ 10 ਜੂਨ ਨੂੰ ਵੱਧ ਤੋਂ ਵੱਧ ਮੰਗ 9,790 ਮੈਗਾਵਾਟ ਸੀ, ਜਦਕਿ 2024 ਵਿੱਚ ਇਹ ਮੰਗ 11,509 ਮੈਗਾਵਾਟ ਰਹੀ। ਪਿਛਲੇ ਸਾਲ ਜੂਨ ਵਿੱਚ ਸਭ ਤੋਂ ਵੱਧ ਮੰਗ 29 ਜੂਨ ਨੂੰ 16,089 ਮੈਗਾਵਾਟ ਦਰਜ ਹੋਈ ਸੀ।
ਪਾਵਰਕੌਮ ਕੋਲ 16,900 ਮੈਗਾਵਾਟ ਤੱਕ ਦੀ ਮੰਗ ਪੂਰੀ ਕਰਨ ਦੀ ਸਹੂਲਤ ਉਪਲੱਬਧ ਹੈ। ਜੇਕਰ ਮੰਗ ਇਸ ਤੋਂ ਵੀ ਵੱਧ ਗਈ ਤਾਂ ਪਾਵਰ ਕੱਟ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ।