ਅਟਾਰੀ/ਅੰਮ੍ਰਿਤਸਰ, 24 ਜੁਲਾਈ:ਸਰਹੱਦ ਨੇੜੇ ਪਿੰਡ ਮੁਹਾਵਾ (ਅਟਾਰੀ) ਤੋਂ ਸੰਬੰਧਤ ਨੌਜਵਾਨ ਹਰਮਨਦੀਪ ਸਿੰਘ ਇਟਲੀ ‘ਚ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਛੇ ਸਾਲ ਪਹਿਲਾਂ ਰੋਜ਼ਗਾਰ ਦੀ ਖਾਤਿਰ ਇਟਲੀ ਗਿਆ ਸੀ ਅਤੇ ਤਬ ਤੋਂ ਲੈ ਕੇ ਇੱਕੋ ਡੇਅਰੀ ‘ਤੇ ਨੌਕਰੀ ਕਰ ਰਿਹਾ ਸੀ। ਪਰ ਹੁਣ ਕੁਝ ਦਿਨਾਂ ਤੋਂ ਉਹ ਘਰ ਨਹੀਂ ਪਰਤਿਆ ਅਤੇ ਨਾਂ ਹੀ ਕਿਸੇ ਨਾਲ ਸੰਪਰਕ ‘ਚ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਹਰਮਨਦੀਪ ਜਿਸ ਡੇਅਰੀ ‘ਤੇ ਕੰਮ ਕਰਦਾ ਸੀ, ਉੱਥੇ ਉਹ ਨਵਾਂ ਸ਼ਹਿਰ ਤੋਂ ਸੰਬੰਧਤ ਇੱਕ ਹੋਰ ਪੰਜਾਬੀ ਨੌਜਵਾਨ ਦੇ ਥੱਲੇ ਕੰਮ ਕਰਦਾ ਸੀ। ਪਰਿਵਾਰ ਦਾ ਦੱਸਣਾ ਹੈ ਕਿ ਉਨ੍ਹਾਂ ਵਿਅਕਤੀ ਵਲੋਂ ਮਿਲ ਰਹੇ ਦਬਾਅ ਕਾਰਨ ਹਰਮਨਦੀਪ ਆਖਰੀ ਦਿਨਾਂ ‘ਚ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਹਰਮਨਦੀਪ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਸੋਸ਼ਲ ਮੀਡੀਆ ਰਾਹੀਂ ਹਰਮਨਦੀਪ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਅਤੇ ਸਰਕਾਰ ਤੱਕ ਆਪਣੀ ਫਰਿਆਦ ਪਹੁੰਚਾ ਰਹੇ ਹਨ। ਪਰਿਵਾਰ ਵੱਲੋਂ ਵਿਦੇਸ਼ ਮੰਤਰਾਲਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਟਲੀ ਸਰਕਾਰ ਨਾਲ ਸੰਪਰਕ ਕਰਕੇ ਹਰਮਨਦੀਪ ਦੀ ਲੱਭਣ ਵਿੱਚ ਮਦਦ ਕਰੇ।
ਪਰਿਵਾਰ ਦੀ ਅਪੀਲ:
“ਸਾਡਾ ਪੁੱਤ ਲਾਪਤਾ ਹੋ ਗਿਆ ਹੈ, ਸਾਨੂੰ ਨਹੀਂ ਪਤਾ ਉਹ ਕਿੱਥੇ ਹੈ, ਸਿਰਫ਼ ਇਹ ਪਤਾ ਕਿ ਉਹ ਕੰਮ ‘ਤੇ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਸਾਡੀ ਮੋਦੀ ਸਰਕਾਰ, ਵਿਦੇਸ਼ ਮੰਤਰੀ ਅਤੇ ਦੂਤਾਅਵਾਸ ਤੋਂ ਬੇਨਤੀ ਹੈ ਕਿ ਸਾਡੀ ਸਹਾਇਤਾ ਕਰੀ ਜਾਵੇ।”