Punjab Jhanki in Republic Day Parade: ਇਸ ਵਾਰ ਦਿਖਾਈ ਜਾਣ ਵਾਲੀ ਪੰਜਾਬ ਦੀ ਝਾਕੀ ਕਰੀਬ 21 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਦੀ ਰਿਹਰਸਲ ਮੌਕੇ ਪੁੱਜੀ ਝਾਕੀ ਸਾਰਿਆਂ ਦੇ ਦਿਲਾਂ ਨੂੰ ਛੂਹ ਰਹੀ ਹੈ।
Punjab Jhanki 2025: ਗਣਤੰਤਰ ਦਿਵਸ ਦੀਆਂ ਤਿਆਰੀਆਂ ਜੋਰਾਂ ‘ਤੇ ਹਨ। ਇਸ ਸਭ ਦੇ ਦੌਰਾਨ ਇਸ ਵਾਰ ਪੰਜਾਬੀਆਂ ਲਈ ਵੱਡੀ ਖ਼ਬਰ ਹੈ ਕਿ ਕਰਤਵਿਆ ਪਥ ‘ਤੇ ਹੋਣ ਵਾਲੀ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੀ ਹਾਂ, ਇਸ ਵਾਰ 26 ਜਨਵਰੀ ਨੂੰ ਦਿੱਲੀ ਦੇ ਕਰਤਵਯ ਪਥ ‘ਤੇ ਹੋਣ ਵਾਲੀ ਪਰੇਡ ‘ਚ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੇਗੀ। ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ ਝਾਕੀ ਵਿੱਚ ਥਾਂ ਦਿੱਤੀ ਗਈ ਹੈ। ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਹੈ।
ਇਸ ਵਾਰ ਦਿਖਾਈ ਜਾਣ ਵਾਲੀ ਪੰਜਾਬ ਦੀ ਝਾਕੀ ਕਰੀਬ 21 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਦੀ ਰਿਹਰਸਲ ਮੌਕੇ ਪੁੱਜੀ ਝਾਕੀ ਸਾਰਿਆਂ ਦੇ ਦਿਲਾਂ ਨੂੰ ਛੂਹ ਰਹੀ ਹੈ। ਇਸ ਦੀ ਤਿਆਰੀ ਕਰ ਰਹੀ ਟੀਮ ਕਾਫੀ ਉਤਸ਼ਾਹਿਤ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਝਾਕੀ ਨੂੰ ਦੇਖਣ ਪਹੁੰਚੇ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਫੋਟੋ ਤੇ ਜਾਣਕਾਰੀ ਸਾਂਝੀ ਕੀਤੀ।
ਤਸਵੀਰਾਂ ਸ਼ੇਅਰ ਕਰਦਿਆਂ ਰਵਨੀਤ ਬਿੱਟੂ ਨੇ ਪੋਸਟ ‘ਚ ਲਿਖਿਆ ਹੈ ਕਿ ਮੇਰਾ ਦਿਲ ਪੰਜਾਬ ਲਈ ਧੜਕਦਾ ਹੈ। ਝਾਕੀ ਮਨਮੋਹਕ ਹੈ। ਮੈਂ ਇਸ ਝਾਕੀ ਦੀਆਂ ਤਸਵੀਰਾਂ ਲੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
ਝਾਕੀ ਵਿੱਚ ਇਹ ਚਾਰ ਚੀਜ਼ਾਂ ਹੋਣਗੀਆਂ ਖਾਸ
- ਇਸ ਝਾਕੀ ਨੂੰ ਲੈ ਕੇ ਦਿੱਲੀ ਪੁੱਜੇ ਡਾ: ਆਹਲੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਝਾਕੀ ਨੂੰ ਚਾਰ ਹਿੱਸਿਆਂ ‘ਚ ਦਿਖਾਇਆ ਗਿਆ ਹੈ। ਟਰੈਕਟਰ ਵਾਲੇ ਹਿੱਸੇ ਵਿਚ ਪੰਜਾਬ ਖੇਤੀ ਵਾਲਾ ਸੂਬਾ ਹੈ, ਇਸ ਲਈ ਪਹਿਲੇ ਹਿੱਸੇ ਵਿਚ ਬਲਦਾਂ ਦੀ ਜੋੜੀ ਹਲ ਚਲਾਉਂਦੀ ਨਜ਼ਰ ਆ ਰਹੀ ਹੈ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਹੈ।
- ਪੰਜਾਬ ਦਾ ਲੋਕ ਸੰਗੀਤ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਰਵਾਇਤੀ ਪਹਿਰਾਵੇ ਵਿੱਚ ਲੋਕ ਸੰਗੀਤ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਹੈ। ਇਸ ਵਿੱਚ ਪੰਜਾਬ ਦੇ ਪੁਰਾਣੇ ਸੰਗੀਤਕ ਸਾਜ਼ਾਂ ਨਾਲ ਕਲਾਕਾਰਾਂ ਨੂੰ ਦਿਖਾਇਆ ਗਿਆ ਹੈ।
- ਝਾਕੀ ਦਾ ਤੀਜਾ ਹਿੱਸਾ ਵੀ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਪੰਜਾਬ ਦੀ ਇੱਕ ਕੁੜੀ ਨੂੰ ਆਪਣੇ ਘਰ ਦੇ ਬਾਹਰ ਬੈਠ ਕੇ ਫੁਲਕਾਰੀ ਕੱਢਦੇ ਹੋਏ ਦਿਖਾਇਆ ਗਿਆ ਹੈ। ਇਹ ਪੰਜਾਬ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦਾ ਹੈ।
- ਝਾਕੀ ਦੇ ਚੌਥੇ ਭਾਗ ਵਿੱਚ ਪੰਜਾਬ ਦੇ ਪਹਿਲੇ ਪੰਜਾਬੀ ਕਵੀ ਬਾਬਾ ਸ਼ੇਖ ਫਰੀਦ ਦਾ ਚਿੱਤਰ ਦਿਖਾਇਆ ਗਿਆ ਹੈ। ਉਨ੍ਹਾਂ ਦੀ ਬਦੌਲਤ ਪੰਜਾਬੀ ਸਾਹਿਤ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਦੇ ਨਾਲ ਹੀ ਟਰੈਕਟਰ ਦੇ ਪਾਰਟ ‘ਤੇ ਪੰਜਾਬ ਦੀਆਂ ਔਰਤਾਂ ਵੱਲੋਂ ਘਰ ਦੇ ਬਣੇ ਗਲੀਚੇ ਵੀ ਪ੍ਰਦਰਸ਼ਿਤ ਕੀਤੇ ਗਏ। ਇਸ ਤੋਂ ਇਲਾਵਾ ਫੁਲਕਾਰੀ ਦੇ ਦ੍ਰਿਸ਼ ਵੀ ਹਨ।
ਦੱਸ ਦਈਏ ਕਿ ਪਿੱਛਲੇ ਸਾਲ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੀ ਪਰੇਡ ‘ਚ ਥਾਂ ਨਾ ਮਿਲਣ ਕਰਕੇ ਕਾਫ਼ੀ ਸਿਆਸਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਸੀਐਮ ਭਗਵੰਤ ਮਾਨ ਨੇ ਪੰਜਾਬ ਦੀ ਝਾਂਕੀ ਨੂੰ ਸੂਬੇ ਦੇ ਹਰ ਪਿੰਡ ‘ਚ ਘੁਮਾਉਣ ਦਾ ਫੈਸਲਾ ਕੀਤਾ ਸੀ।