Pastor Jashan Gill Surrenders:ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਆਖ਼ਿਰ ਗੁਰਦਾਸਪੁਰ ਵਿਖ਼ੇ ਬਾਅਦ ਦੁਪਹਿਰ ਅੱਜ ਆਤਮ ਸਮਰਪਣ ਕਰ ਦਿੱਤਾ। ਜਿਕਰਯੋਗ ਹੈ ਕਿ ਪਾਸਟਰ ਜਸ਼ਨ ਗਿੱਲ ਖਿਲਾਫ਼ ਮਾਮਲਾ ਦਰਜ਼ ਹਨ ਦੇ ਬਾਵਜੂਦ ਪੁਲਿਸ ਕਰੀਬ 2 ਸਾਲ ਤੱਕ ਹੱਥ ਤੇ ਹੱਥ ਧਰਕੇ ਬੈਠੀ ਰਹੀ। ਪਰ ਪਾਸਟਰ ਬਰਜਿੰਦਰ ਤੇ ਲੱਗੇ ਮਹਿਲਾ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਦੇ ਚਲਦੇ ਉਸਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸਦੇ ਚਲਦੇ ਗੁਰਦਾਸਪੁਰ ਪੁਲਿਸ ਵਲੋਂ ਵੀ ਇਸ ਮਾਮਲੇ ਤੇ ਸ਼ਿਕੰਜਾ ਕੱਸ ਦਿੱਤਾ ਗਿਆ । ਲਗਾਤਾਰ ਛਾਪੇਮਾਰੀ ਕਰ ਕੇ ਪਹਿਲਾਂ ਉਸਦੇ ਭਰਾ ਅਤੇ ਫ਼ਿਰ ਭੈਣ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਕੋਈ ਵਾਹ ਨਾ ਚਲਦੀ ਵੇਖ ਕੇ ਆਖਿਰ ਭਗੌੜੇ ਪਾਸਟਰ ਨੇ ਖ਼ੁਦ ਹੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸੇ ਦੌਰਾਨ ਉਸਦੀ ਭੈਣ ਅਤੇ ਭਰਾ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਦੱਸ ਦਈਏ 9 ਜੁਲਾਈ 2023 ਨੂੰ ਥਾਣਾ ਦੀਨਾਨਗਰ ਦੇ ਪਿੰਡ ਅੱਬਲਖੈਰ ਦੇ ਰਹਿਣ ਵਾਲੇ ਪਾਸਟਰ ਜਸ਼ਨ ਗਿੱਲ ਵਿਰੁੱਧ ਧਾਰਾ 376 ਅਤੇ 304 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ 21 ਸਾਲਾ ਬੀਸੀਏ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ।
ਪਰਿਵਾਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਲੜਕੀ ਦੇ ਪੇਟ ਵਿੱਚ ਦਰਦ ਹੋਣ ਲੱਗਾ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦਾ ਗਰਭਪਾਤ ਹੋਇਆ ਹੈ ਅਤੇ ਗਰਭਪਾਤ ਸਹੀ ਢੰਗ ਨਾਲ ਨਹੀਂ ਹੋਇਆ ਸੀ। ਲੜਕੀ ਦੀ ਹਾਲਤ ਵਿਗੜਨ ‘ਤੇ ਉਸਨੂੰ ਅੰਮ੍ਰਿਤਸਰ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ 4 ਅਪ੍ਰੈਲ ਨੂੰ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਪੁਲਿਸ ਪ੍ਰਸ਼ਾਸਨ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਸੋਮਵਾਰ ਨੂੰ ਲੜਕੀ ਦੇ ਪਿਤਾ ਗੁਰਦਾਸਪੁਰ ਪਹੁੰਚੇ ਅਤੇ ਐੱਸਪੀ (ਡੀ) ਬਲਵਿੰਦਰ ਸਿੰਘ ਨੂੰ ਮਿਲੇ। ਇਸ ਸਮੇਂ ਦੌਰਾਨ ਪਾਦਰੀ ਦੀਆਂ ਵੀਡੀਓਜ਼ ਅਤੇ ਹੋਰ ਜਾਣਕਾਰੀ ਉਨ੍ਹਾਂ ਨੂੰ ਉਪਲਬਧ ਕਰਵਾਈ ਗਈ। ਦੂਜੇ ਪਾਸੇ, ਦੀਨਾਨਗਰ ਥਾਣੇ ਦੇ ਐਸਐਚਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਮੁਲਜ਼ਮ ਜਸ਼ਨ ਗਿੱਲ ਵਿਰੁੱਧ 9 ਜੁਲਾਈ 2023 ਨੂੰ ਧਾਰਾ 376 ਅਤੇ 304ਏ ਆਈਪੀਸੀ ਤਹਿਤ ਐਫਆਈਆਰ ਨੰਬਰ 126 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵਿਸਰਾ 1 ਜੂਨ 2023 ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਜਮ੍ਹਾ ਕਰਵਾਇਆ ਗਿਆ ਸੀ। ਵਿਸਰਾ ਰਿਪੋਰਟ 18 ਦਸੰਬਰ 2023 ਨੂੰ ਆਈ। ਵਿਰਸਾ ਅਤੇ ਪੋਸਟਮਾਰਟਮ ਰਿਪੋਰਟਾਂ ਤੋਂ ਬਾਅਦ ਮਾਮਲੇ ਵਿੱਚ ਧਾਰਾ 313 ਅਤੇ 314 ਆਈਪੀਸੀ ਜੋੜ ਦਿੱਤੀ ਗਈ ਸੀ ਜਦੋਂ ਕਿ ਮੁਲਜ਼ਮ ਨੂੰ 9 ਅਕਤੂਬਰ, 2024 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਉਦੋਂ ਤੋਂ ਪੁਲਿਸ ਉਸਦੀ ਲਗਾਤਾਰ ਭਾਲ ਕਰ ਰਹੀ ਸੀ।