Punjab Politics: ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਦੱਸਿਆ ਸੀ ਕਿ ਗਿਣਤੀ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
Ludhiana West By-Elections Results: ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਭਲਕੇ 23 ਜੂਨ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਰੁਝਾਨ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਕੁੱਲ 14 ਦੌਰਾਂ ਵਿੱਚ ਕੀਤੀ ਜਾਵੇਗੀ। ਸੂਤਰਾਂ ਦੀ ਮੰਨਿਏ ਤਾਂ ਪਤਾ ਲੱਗਾ ਹੈ ਕਿ ਕੁੱਲ 5 ਤੋਂ 7 ਟੇਬਲ ਲਗਾਏ ਜਾ ਰਹੇ ਹਨ। ਖਾਲਸਾ ਕਾਲਜ ਫਾਰ ਵੂਮੈਨ ਦੇ ਅੰਦਰ ਅਤੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਕੱਲ੍ਹ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਦੱਸਿਆ ਸੀ ਕਿ ਗਿਣਤੀ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਾਕ ਵੋਟ ਪੱਤਰਾਂ ਅਤੇ ਈਵੀਐਮ ਦੀ ਗਿਣਤੀ ਚੋਣ ਨਿਰੀਖਕਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ।
ਗਿਣਤੀ ਕੇਂਦਰਾਂ ‘ਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਹਰ ਗਤੀਵਿਧੀ ‘ਤੇ ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜੈਨ ਨੇ ਦੱਸਿਆ ਸੀ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਅਧਿਕਾਰਤ ਲੋਕਾਂ ਨੂੰ ਹੀ ਪ੍ਰਵੇਸ਼ ਮਿਲੇਗਾ। ਜਿਵੇਂ ਕਿ ਉਮੀਦਵਾਰ, ਉਨ੍ਹਾਂ ਦੇ ਪ੍ਰਤੀਨਿਧੀ, ਮੀਡੀਆ ਕਰਮਚਾਰੀ ਅਤੇ ਚੋਣ ਕਮਿਸ਼ਨ ਵਲੋਂ ਅਧਿਕਾਰਤ ਵਿਅਕਤੀ ਜਿਨ੍ਹਾਂ ਕੋਲ ਵੈਧ ਪਛਾਣ ਪੱਤਰ ਹਨ। ਉਮੀਦ ਹੈ ਕਿ ਸਵੇਰੇ 11 ਵਜੇ ਤੱਕ ਚੋਣ ਨਤੀਜਾ ਸਪੱਸ਼ਟ ਹੋ ਜਾਵੇਗਾ ਅਤੇ ਨਵੇਂ ਵਿਧਾਇਕ ਦਾ ਨਾਮ ਸਾਹਮਣੇ ਆ ਜਾਵੇਗਾ।
ਵੋਟਿੰਗ 19 ਜੂਨ ਨੂੰ ਹੋਈ
ਹਲਕਾ ਪੱਛਮੀ ਵਿੱਚ ਵੋਟਿੰਗ 19 ਜੂਨ ਨੂੰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਖ਼ਤਮ ਹੋਈ। ਵੋਟਿੰਗ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਸੀ। ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸ਼ਾਮ 7 ਵਜੇ ਤੱਕ 51.33% ਵੋਟਿੰਗ ਹੋਈ।
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਸਮਾਂ ਪਹਿਲਾਂ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋਈ ਸੀ। ‘ਆਪ’ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ। ਚਰਚਾ ਹੈ ਕਿ ਜੇਕਰ ਉਹ ਇੱਥੋਂ ਜਿੱਤ ਜਾਂਦੇ ਹਨ ਤਾਂ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਥਾਂ ਰਾਜ ਸਭਾ ਜਾ ਸਕਦੇ ਹਨ।
ਦੂਜੇ ਪਾਸੇ, ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਉਮੀਦਵਾਰ ਬਣਾਇਆ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਕਾਲੀ ਦਲ ਦੇ ਉਮੀਦਵਾਰ ਹਨ। ਘੁੰਮਣ ਉਹੀ ਵਕੀਲ ਹਨ ਜਿਨ੍ਹਾਂ ਨੇ ਦਿਲਰੋਜ਼ ਕਤਲ ਕੇਸ ਵਿੱਚ ਮੁਲਜ਼ਮਾਂ ਨੂੰ ਫਾਂਸੀ ਦਿਵਾਈ ਸੀ। ਇਸ ਦੇ ਨਾਲ ਹੀ ਭਾਜਪਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਪਿਛੋਕੜ ਵਾਲੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਟਿਕਟ ਦਿੱਤੀ। ਹੁਣ ਦੇਖਣਾ ਇਹ ਹੈ ਕਿ ਕਿਸ ਪਾਰਟੀ ਦੇ ਹੱਥ ਇਸ ਜ਼ਿਮਣੀ ਚੋਣ ਦੀ ਜਿੱਤ ਆਉਂਦੀ ਹੈ।