Vancouver Accident: ਕੈਨੇਡਾ ਦੇ ਵੈਨਕੂਵਰ ‘ਚ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਭੀੜ ਵਿੱਚ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।
Lapu Lapu Festival Accident: ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਇੱਕ ਤਿਉਹਾਰ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਭੀੜ ਵਿੱਚ ਮੌਜੂਦ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਾਤ 8 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰੀ।
ਦੱਸ ਦਈਏ ਕਿ ਘਟਨਾ ਉਦੋਂ ਵਾਪਰੀ ਜਦੋਂ ਫਿਲੀਪੀਨੋ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਸ਼ਹਿਰ ਦੇ ਸਨਸੈੱਟ ਆਨ ਫਰੇਜ਼ਰ ਵਿਖੇ ਲਾਪੂ ਲਾਪੂ ਦਿਵਸ ਮਨਾਉਣ ਲਈ ਇਕੱਠੇ ਹੋਏ ਸੀ। ਕਾਰ ਚਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਵੈਨਕੂਵਰ ਪੁਲਿਸ ਨੇ ਕਿਹਾ, “41ਵੇਂ ਐਵੇਨਿਊ ਅਤੇ ਫਰੇਜ਼ਰ ਵਿਖੇ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਇੱਕ ਕਾਰ ਚਾਲਕ ਵੱਲੋਂ ਭੀੜ ਵਿੱਚ ਟੱਕਰ ਮਾਰਨ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋਈ ਤੇ ਕਈ ਹੋਰ ਜ਼ਖਮੀ ਹੋਏ ਹਨ। ਡਰਾਈਵਰ ਹਿਰਾਸਤ ਵਿੱਚ ਹੈ। ਜਾਂਚ ਜਾਰੀ ਰਹਿਣ ‘ਤੇ ਅਸੀਂ ਹੋਰ ਜਾਣਕਾਰੀ ਦੇ ਸਕਾਂਗੇ।”
ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਜਾ ਰਿਹਾ ਮੁਲਜ਼ਮ
ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇੱਕ ਕਾਲੀ SUV ਤੇਜ਼ ਰਫ਼ਤਾਰ ਨਾਲ ਤਿਉਹਾਰ ਵਿੱਚ ਦਾਖਲ ਹੋਈ, ਭੀੜ ਵਿੱਚ ਵੱਜੀ ਅਤੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਉਸਨੇ ਦੱਸਿਆ ਕਿ ਕਾਰ ਦਾ ਡਰਾਈਵਰ ਇੱਕ ਨੌਜਵਾਨ ਏਸ਼ੀਆਈ ਆਦਮੀ ਸੀ, ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਜਾਪਦਾ ਸੀ। ਇਸ ਭਿਆਨਕ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਾਰ ਹਮਲੇ ਤੋਂ ਬਾਅਦ ਸੜਕ ‘ਤੇ ਲਾਸ਼ਾਂ ਪਈਆਂ ਦਿਖਾਈ ਦੇ ਰਹੀਆਂ ਹਨ।
ਪ੍ਰਧਾਨ ਮੰਤਰੀ ਕਾਰਨੀ ਨੇ ਪ੍ਰਗਟਾਇਆ ਦੁੱਖ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਵੈਨਕੂਵਰ ਵਿੱਚ ਲਾਪੂ ਲਾਪੂ ਤਿਉਹਾਰ ਦੌਰਾਨ ਵਾਪਰੀ ਘਟਨਾ ਬਾਰੇ ਜਾਣ ਕੇ “ਬਹੁਤ ਦੁਖੀ” ਹਨ। ਉਨ੍ਹਾਂ ਕਿਹਾ, “ਮੈਂ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੇ ਅਜ਼ੀਜ਼ਾਂ, ਫਿਲੀਪੀਨੋ ਕੈਨੇਡੀਅਨ ਭਾਈਚਾਰੇ ਅਤੇ ਵੈਨਕੂਵਰ ਦੇ ਹਰ ਕਿਸੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਅਸੀਂ ਸਾਰੇ ਤੁਹਾਡੇ ਨਾਲ ਸੋਗ ਮਨਾ ਰਹੇ ਹਾਂ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।” ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ, “ਮੈਂ ਲਾਪੂ ਲਾਪੂ ਦਿਵਸ ਸਮਾਗਮ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਹੈਰਾਨ ਅਤੇ ਬਹੁਤ ਦੁਖੀ ਹਾਂ।”
ਕੀ ਹੈ ਲਾਪੂ ਲਾਪੂ ਫੈਸਟੀਵਲ ?
ਇਹ ਤਿਉਹਾਰ 16ਵੀਂ ਸਦੀ ਦੇ ਫਿਲੀਪੀਨੋ ਬਸਤੀਵਾਦ ਵਿਰੋਧੀ ਨੇਤਾ ਦਾਤੂ ਲਾਪੂ-ਲਾਪੂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਲਾਪੂ-ਲਾਪੂ ਫਿਲੀਪੀਨਜ਼ ਦਾ ਪਹਿਲਾ ਰਾਸ਼ਟਰੀ ਨਾਇਕ ਸੀ, ਜਿਸਨੇ 1521 ਵਿੱਚ ਮੈਕਟਨ ਦੀ ਲੜਾਈ ਵਿੱਚ ਸਪੈਨਿਸ਼ ਬਸਤੀਵਾਦੀਆਂ ਵਿਰੁੱਧ ਫਿਲੀਪੀਨਜ਼ ਨੂੰ ਜਿੱਤ ਦਿਵਾਈ।