Rape Case; ਬਰਨਾਲਾ ਦੇ ਨੇੜਲੇ ਪਿੰਡ ਕੈਰੇ ਵਿਖੇ ਉਸ ਸਮੇਂ ਸ਼ਰਮਨਾਕ ਘਟਨਾ ਸਾਹਮਣੇ ਆਈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੀ ਚੌਥੀ ਕਲਾਸ ਵਿੱਚ ਪੜ੍ਹਦੀ 9 ਸਾਲਾਂ ਮਾਸੂਮ ਬੱਚੀ ਨਾਲ ਉਸ ਦੇ 55 ਸਾਲ ਦੇ ਫੁੱਫੜ ਨੇ ਹੀ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਇਸ ਘਟਨਾ ਨੂੰ ਲੈ ਕੇ 9 ਸਾਲਾਂ ਪੀੜਿਤ ਮਾਸੂਮ ਬੱਚੀ ਦੇ ਪਿਤਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਯੂਪੀ ਦਾ ਰਹਿਣ ਵਾਲਾ ਹੈ ਜੋ ਆਪਣੇ ਪਰਿਵਾਰ ਸਮੇਤ ਇੱਟਾਂ ਵਾਲੇ ਭੱਠੇ ਤੇ ਇੱਟਾਂ ਬਣਾਉਣ ਦਾ ਕੰਮ ਕਰਦਾ ਸੀ। ਉਸ ਦੀ 9 ਸਾਲਾ ਮਾਸੂਮ ਬੱਚੀ ਚੌਥੀ ਕਲਾਸ ਵਿੱਚ ਪੜ੍ਹਾਈ ਕਰਦੀ ਸੀ । ਉਸਨੇ ਦੱਸਿਆ ਕਿ ਸਵੇਰੇ 7:30 ਵਜੇ ਦੇ ਲੜਕੀ ਨੂੰ ਉਸ ਦਾ ਫੁੱਫੜ ਲੱਸੀ ਲੈਣ ਦੇ ਬਹਾਨੇ ਆਪਣੇ ਨਾਲ ਨੇੜਲੇ ਪਿੰਡ ਲੈ ਗਿਆ ਜਿੱਥੇ ਰਸਤੇ ਵਿੱਚ ਭੱਠੇ ਲਈ ਤਿਆਰ ਹੋਣ ਵਾਲੀਆਂ ਮਿੱਟੀ ਦੀਆਂ ਕੱਚੀਆਂ ਇੱਟਾਂ ਵਾਲੀ ਪਥੇਰ ਵਾਲੀ ਜਗ੍ਹਾ ਲੈ ਗਿਆ ਅਤੇ ਉਸ ਦੀ ਧੀ ਨਾਲ ਜਬਰਜਨਾਹ ਕੀਤਾ ਗਿਆ। ਪੀੜਤ ਲੜਕੀ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਕੇ ਇਨਸਾਫ ਦੀ ਗੁਹਾਰ ਲਾਈ ਹੈ।
ਦੂਜੇ ਪਾਸੇ ਇਸ ਘਟਨਾ ਨੂੰ ਲੈਕੇ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਥੇਬੰਦੀ ਦੇ ਜਰਨਲ ਸਕੱਤਰ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ,ਪਰ ਸਵੇਰੇ 8:00 ਵਜੇ ਦੇ ਕਰੀਬ ਇਸ ਘਟਨਾ ਦਾ ਪਤਾ ਲੱਗਿਆ ਸੀ। ਜਿੱਥੇ 108 ਐਂਬੂਲੈਂਸ ਰਾਹੀਂ ਪੀੜਿਤ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ,ਉਹਨਾਂ ਡਿਊਟੀ ਤੇ ਤੈਨਾਤ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਵੀ ਰੋਸ ਪ੍ਰਗਟ ਕਰਦੇ ਕਿਹਾ ਕਿ ਸਵੇਰੇ 8:30 ਵਜੇ ਤੋਂ ਲੈ ਕੇ 12:15 ਵਜੇ ਦੁਪਹਿਰ ਤੱਕ ਪੀੜਤ ਲੜਕੀ ਦਾ ਇਲਾਜ ਨਹੀਂ ਕੀਤਾ ਗਿਆ,ਜਿੱਥੇ ਖੂਨ ਨਾਲ ਲੱਥਪਥ ਲੜਕੀ 4 ਘੰਟੇ ਬਿਨਾਂ ਇਲਾਜ ਲਈ ਤੜਫਦੀ ਰਹੀ, ਪਰ ਜਦ ਇਕੱਠੇ ਲੋਕਾਂ ਵੱਲੋਂ ਇਸ ਬਾਰੇ ਰੌਲਾ ਪਾਇਆ ਗਿਆ ਤਾਂ ਲੜਕੀ ਦਾ ਇਲਾਜ ਸ਼ੁਰੂ ਹੋਇਆ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਦਰ ਬਰਨਾਲਾ ਦੇ ਐਸਐਚਓ ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਕੇਰੇ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੀ ਨਾਲ ਜਬਰਜਨਾਹ ਦੀ ਘਟਨਾ ਸਾਹਮਣੇ ਆਈ ਸੀ। ਜਿੱਥੇ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਦੋਸ਼ੀ ਖਿਲਾਫ ਮਿਤੀ 4/7/2025 ਨੂੰ ਮੁਕਦਮਾ ਨੰਬਰ 102, ਤਹਿਤ 64 ਬੀ.ਐਨ.ਐਸ,(6 ਪੌਸਕੋ ਐਕਟ)ਤਹਿਤ ਪੁਲਿਸ ਥਾਣਾ ਸਦਰ ਬਰਨਾਲਾ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਦੀ ਗ੍ਰਿਫਤਾਰੀ ਜਲਦ ਕਰ ਲਈ ਜਾਵੇਗੀ। ਇਸ ਮੌਕੇ ਐਸਐਚਓ ਲਖਬੀਰ ਸਿੰਘ ਨੇ ਜਿੱਥੇ ਪੁਲਿਸ ਕਾਰਵਾਈ ਦੀ ਗੱਲ ਕੀਤੀ ਉੱਥੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੁਨੇਹਾ ਦਿੰਦੇ ਕਿਹਾ ਕਿ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਅਤੇ ਦੇਖਰੇਖ ਕੀਤੀ ਜਾਵੇ। ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋ ਸਕਣ।