Singer Bir Singh Apology: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਸ੍ਰੀਨਗਰ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਲੈ ਕੇ ਵਿਵਾਦ ’ਤੇ ਗਾਇਕ ਬੀਰ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਗਾਇਕ ਬੀਰ ਸਿੰਘ ਨੇ ਇੱਕ ਵੀਡੀਉ ਜਾਰੀ ਕਰਕੇ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ੍ਰੀਨਗਰ ਆਇਆ ਸੀ। ਉਨ੍ਹਾਂ ਕਿਹਾ ਮੇਰੀ ਮੈਨੇਜਮੈਂਟ ਦੀ ਗ਼ਲਤੀ ਹੈ ਕਿ ਉਨ੍ਹਾਂ ਨੇ ਸਾਰੇ ਪ੍ਰੋਗਰਾਮ ਦਾ ਵੇਰਵਾ ਮੇਰੇ ਨਾਲ ਸਾਂਝਾ ਨਹੀਂ ਕੀਤਾ ਸੀ।
ਗਾਇਕ ਬੀਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕੁੱਝ ਕਸ਼ਮੀਰੀ ਸੱਜਣਾ ਨੇ ਬੇਨਤੀ ਕੀਤੀ ਸੀ ਕਿ ਉਹ ਆਪਣੇ ਮਨ ਦੀ ਖ਼ੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਨ, ਸਾਨੂੰ ਕੁੱਝ ਇਵੇਂ ਦਾ ਗਾਣਾ ਵੀ ਸੁਣਾਉ। ਜਦੋਂ ਮੈਂ ਸਟੇਜ ‘ਤੇ ਗਿਆ ਤਾਂ ਮੈਂ ਬੈਨਰ ਨਹੀਂ ਵੇਖਿਆ ,ਕਿਉਂਕਿ ਗਾਇਕ ਦਾ ਹਮੇਸ਼ਾਂ ਹੀ ਧਿਆਨ ਦਰਸ਼ਕਾਂ ਵੱਲ ਹੁੰਦਾ। ਉਸ ਤੋਂ ਅਣਗਹਿਲੀ ਹੋਈ ਹੈ ਕਿਉਂਕਿ ਸਟੇਜ ‘ਤੇ ਚੜਨ ਲੱਗਿਆ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਅਤੇ ਧਿਆਨ ਦਰਸ਼ਕਾਂ ਵੱਲ ਹੀ ਰਿਹਾ।
ਪ੍ਰੋਗਰਾਮ ਕਰਦੇ ਸਮੇਂ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਕੁੱਝ ਗ਼ਲਤ ਹੋ ਗਿਆ ਹੈ ਤਾਂ ਅਸੀਂ ਪ੍ਰੋਗਰਾਮ ਰੁਕਵਾ ਕੇ ਸਾਰਿਆਂ ਨੂੰ ਸਿਰ ਢਕਣ ਅਤੇ ਜੋੜੇ ਲਵਾ ਕੇ ਸਲੋਕ ਮਹੱਲਾ ਨੌਵਾਂ ਪੜ੍ਹਿਆ ਅਤੇ ਬਹੁਤ ਮਰਿਆਦਾ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ। ਮੈਂ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਵੀ ਭੇਜਿਆ ਹੈ। ਮੈਂ ਕਬੂਲ ਕਰਦਾ ਹਾਂ ਕਿ ਇਹ ਮੇਰੀ ਅਣਗ਼ਹਿਲੀ ਕਾਰਨ ਗ਼ਲਤੀ ਹੋਈ ਹੈ। ਇਸ ਦੀ ਜੋ ਵੀ ਬਣਦੀ ਸੇਵਾ ਲੱਗੇਗੀ, ਮੈਂ ਭੁਗਤਣ ਲਈ ਤਿਆਰ ਹਾਂ। ਮੈਂ ਅੱਜ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ ਲਾਇਆ ਸੀ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੌਰਾਨ ਨੱਚ-ਟੱਪ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਨਾਲ ਧਾਰਮਿਕ ਸਮਾਗਮ ਦੀ ਮਰਿਆਦਾ ਦੀ ਉਲੰਘਣਾ ਹੋਈ ਹੈ। ਉਨ੍ਹਾਂ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਵਿਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਈਆਂ, ਉਸ ਨਾਲ ਸ਼ਹਾਦਤ ਦੇ ਸੰਕਲਪ ਦੇ ਨਾਲ-ਨਾਲ ਗੁਰਮਤਿ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਠੇਸ ਵੱਜੀ ਹੈ।