ਨਗਰੀ ਦਾ ਕੋਨਾ-ਕੋਨਾ ਲਿਸ਼ਕਾਇਆ ਜਾਵੇਗਾ: ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ
ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰਸ ਗੁਰਪੁਰਬ ਦੇ ਮੱਦੇਨਜ਼ਰ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ।ਮੰਤਰੀ ਬੈਂਸ ਨੇ ਅਰਦਾਸ ਕਰਨ ਤੋਂ ਬਾਅਦ ਨੰਗੇ ਪੈਰ ਵਲੰਟੀਅਰਾਂ ਨਾਲ ਮਿਲ ਕੇ ਬਜ਼ਾਰਾਂ, ਗਲੀਆਂ ਅਤੇ ਸੜਕਾਂ ‘ਚ ਲੰਮਾ ਸਮਾਂ ਸਫਾਈ ਸੇਵਾ ਕਰਦੇ ਹੋਏ ਬੜੀ ਲਗਨ ਨਾਲ ਭਾਗ ਲਿਆ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜਿਸ ਧਰਤੀ ਤੋਂ ਨੌਵੇਂ ਪਾਤਸ਼ਾਹ ਨੇ ਜੁਲਮ ਵਿਰੁੱਧ ਅਵਾਜ਼ ਬੁਲੰਦ ਕੀਤੀ, ਉਥੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਲਈ ਨਗਰੀ ਦਾ ਹਰ ਕੋਨਾ ਚਮਕਦਾ ਹੋਣਾ ਚਾਹੀਦਾ ਹੈ। ਇਹ ਸਫਾਈ ਮੁਹਿੰਮ ਹਫਤਾਵਾਰੀ ਮੈਗਾ ਕੈਂਪੇਨ ਦੇ ਤਹਿਤ ਨਗਰ ਦੇ ਹਰ ਵਾਰਡ, ਗਲੀ ਅਤੇ ਮੁਹੱਲੇ ਤੱਕ ਲਿਆਂਦੀ ਜਾਵੇਗੀ।
ਸੇਵਾ ਦੀ ਭਾਵਨਾ ਨਾਲ ਚੱਲ ਰਹੀ ਮੁਹਿੰਮ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਮੁਹਿੰਮ ਕੋਈ ਰੁਟੀਨ ਐਕਟਿਵਿਟੀ ਨਹੀਂ, ਸਗੋਂ ਸੇਵਾ ਦੀ ਭਾਵਨਾ ਨਾਲ ਸ਼ੁਰੂ ਕੀਤੀ ਗਈ ਹੈ, ਜੋ ਗੁਰੂ ਸਾਹਿਬ ਦੀਆਂ ਬਾਨੀਆਂ ਤੇ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਂਦੀ ਹੈ।ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ, ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਸਾਫ਼-ਸੁਥਰੇ ਪਵਿੱਤਰ ਸ਼ਹਿਰ ਦੀ ਰਚਨਾ ‘ਚ ਆਪਣਾ ਯੋਗਦਾਨ ਪਾਉਣ।
ਪਵਿੱਤਰ ਅਸਥਾਨ ਤੇ ਵਿਸ਼ੇਸ਼ ਸਮਾਗਮ
ਉਨ੍ਹਾਂ ਯਾਦ ਕਰਵਾਇਆ ਕਿ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਨੌਵੇਂ ਪਾਤਸ਼ਾਹ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ ਅਤੇ ਜਿਸ ਥਾਂ ਉੱਤੇ ਸੰਸਕਾਰ ਹੋਇਆ, ਉਥੇ ਗੁਰਦੁਆਰਾ ਸੀਸ ਗੰਜ ਸਾਹਿਬ ਬਣਾਇਆ ਗਿਆ, ਜੋ ਕਿ ਹੁਣ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦਾ ਕੇਂਦਰ ਹੋਵੇਗਾ।
ਅੰਤ ਵਿੱਚ ਉਨ੍ਹਾਂ ਨੇ ਕਿਹਾ:
“ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦਾ ਜਨਮ ਅਸਥਾਨ ਹੈ, ਇਹ ਧਰਤੀ ਗੁਰੂ ਸਾਹਿਬਾਂ ਦੀ ਚਰਨ ਛੋਹ ਵਾਲੀ ਧਰਤੀ ਹੈ। ਇਸਨੂੰ ਸਾਫ਼-ਸੁਥਰਾ ਰੱਖਣਾ ਸਾਡਾ ਨੈਤਿਕ ਅਤੇ ਆਤਮਿਕ ਫਰਜ਼ ਹੈ।”