Punjab Police: ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੀ ਇੰਸਟਾਕਵੀਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ।
Suspended Constable Amandeep Kaur: ਨਸ਼ੇ ਦੀ ਤਸਕਰੀ ਦੇ ਗੰਭੀਰ ਦੋਸ਼ਾਂ ‘ਤੇ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਕਾਰਵਾਈ ਕਰਦੇ ਹੋਏ, ਪੰਜਾਬ ਪੁਲਿਸ ਨੇ ਉਸਦੀ 1.35 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ, ਪਰ ਮੁੱਢਲੀ ਜਾਂਚ ਵਿੱਚ ਗੰਭੀਰ ਸ਼ੱਕ ਪੈਦਾ ਹੋਣ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ। ਉਸਦੇ ਖਿਲਾਫ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਹੋਰ ਜਾਂਚ ਤੋਂ ਪਤਾ ਲੱਗਿਆ ਕਿ ਉਸ ਕੋਲ ਬਹੁਤ ਸਾਰੀਆਂ ਅਜਿਹੀਆਂ ਜਾਇਦਾਦਾਂ ਸੀ ਜਿਨ੍ਹਾਂ ਦੇ ਆਮਦਨ ਦੇ ਸਰੋਤ ਸਪੱਸ਼ਟ ਨਹੀਂ ਸੀ ਅਤੇ ਜਿਨ੍ਹਾਂ ਨੂੰ ਨਸ਼ਾ ਤਸਕਰੀ ਨਾਲ ਸਬੰਧਤ ਕਮਾਈ ਤੋਂ ਕਮਾਇਆ ਗਿਆ ਹੋਣ ਦਾ ਸ਼ੱਕ ਸੀ।
ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ ₹1,35,39,588.53
ਪੁਲਿਸ ਦਾ ਕਹਿਣਾ ਹੈ ਕਿ ਇਹ ਅੰਕੜਾ ਅਜੇ ਮੁੱਢਲਾ ਹੈ ਅਤੇ ਅੱਗੇ ਦੀ ਜਾਂਚ ਵਿੱਚ ਹੋਰ ਜਾਇਦਾਦਾਂ ਸਾਹਮਣੇ ਆ ਸਕਦੀਆਂ ਹਨ, ਜਿਨ੍ਹਾਂ ਦੀ ਕਾਨੂੰਨੀ ਤੌਰ ‘ਤੇ ਜਾਂਚ ਕੀਤੀ ਜਾਵੇਗੀ।
ਵਿਜੀਲੈਂਸ ਵਿਭਾਗ ਵੀ ਕਰ ਰਿਹਾ ਕਾਰਵਾਈ
ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੀ ਇੰਸਟਾਕਵੀਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਸੀ। ਵਿਜੀਲੈਂਸ ਨੇ ਦਾਅਵਾ ਕੀਤਾ ਕਿ ਜਾਂਚ ਵਿੱਚ ਅਮਨਦੀਪ ਕੌਰ ਦੀ ਆਮਦਨ 1.08 ਕਰੋੜ ਪਾਈ ਗਈ ਹੈ, ਜਦੋਂ ਕਿ ਉਸਦਾ ਖਰਚ 1.39 ਕਰੋੜ ਦੱਸਿਆ ਗਿਆ ਹੈ।