ਸੋਸ਼ਲ ਮੀਡੀਆ ਦੇ ਆਉਣ ਨਾਲ ਇੱਕ ਨਵੀਂ ਡਿਜ਼ੀਟਲ ਦੁਨੀਆ ਹੋਂਦ ਵਿੱਚ ਆ ਗਈ ਹੈ। ਜਦੋਂ ਕੋਈ ਵਿਅਕਤੀ ਆਪਣੇ ਫ਼ੋਨ, ਟੈਬਲੇਟ, ਲੈਪਟਾਪ ਆਦਿ ਰਾਹੀਂ ਕਿਸੇ ਨਾਲ ਚੈਟਿੰਗ, ਵੀਡੀਓ ਕਾਲ ਜਾਂ ਕਿਸੇ ਦਾ ਸਟੇਟਸ ਦੇਖਦਾ ਹੈ ਤਾਂ ਉਹ ਇਸ ਦੁਨੀਆ ਵਿੱਚ ਹੁੰਦੇ ਹੋਏ ਵੀ ਦੂਜੀ ਡਿਜ਼ੀਟਲ ਦੁਨੀਆ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਸਰੀਰਕ ਰੂਪ ਵਿੱਚ ਨਾ ਮੌਜੂਦ ਹੋ ਕੇ ਵੀ ਲੋਕ ਆਪਸ ਵਿੱਚ ਜੁੜੇ ਰਹਿ ਸਕਦੇ ਹਨ, ਗੱਲਬਾਤ ਕਰ ਸਕਦੇ ਹਨ।
ਇਹੋ ਸੋਸ਼ਲ ਮੀਡੀਆ ਦੀ ਵਿਲੱਖਣਤਾ ਹੈ ਜੋ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੈ। ਇਸ ਕੰਮ ਵਿੱਚ ਪੰਜਾਬ ਸੂਬਾ ਮੋਹਰੀਆਂ ਵਿੱਚੋਂ ਇਕ ਹੈ ਜਿੱਥੇ 70 ਪ੍ਰਤੀਸ਼ਤ ਲੋਕ ਇੰਟਰਨੈਟ ਮੋਬਾਇਲ ਫ਼ੋਨ ਰਾਹੀਂ ਚਲਾਉਂਦੇ ਹਨ। ਨਵੀਂ ਪੀੜੀ ਦੀ ਗਿਣਤੀ ਇੰਟਰਨੈਟ ਤੇ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅੱਜ ਵੱਡੀਆਂ- ਛੋਟੀਆਂ ਕੰਪਨੀਆਂ ਤੋਂ ਲੈ ਕੇ ਸਿਆਸੀ ਲੀਡਰ ਵੀ ਸੋਸ਼ਲ ਮੀਡੀਆ ਤੇ ਸਰਗਰਮ ਹਨ। ਲੀਡਰ ਵੀ ਹੁਣ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਕਿਸੇ ਵਿਚੋਲੇ ਭਾਵ ਟੈਲੀਵਿਜ਼ਨ, ਰੇਡੀਓ, ਅਖ਼ਬਾਰਾਂ ਆਦਿ ਦੀ ਥਾਂ ਸਿੱਧੇ ਸੋਸ਼ਲ ਮੀਡੀਆ ‘ਤੇ ਸੌਖੇ ਢੰਗ ਨਾਲ ਆਪਣੀਆਂ ਸੱਚੀਆਂ ਝੂਠੀਆਂ ਗੱਲਾਂ ਆਖ ਸਕਦੇ ਹਨ।
“ਸਪਰੈਡ ਆਫ਼ ਪੁਲੀਟੀਕਲ ਡਿਸਇਨਫੋਰਮੇਸ਼ਨ ਆਨ ਸੋਸ਼ਲ ਮੀਡੀਆ ਡਿਊਰਿੰਗ ਪੰਜਾਬ ਅਸੈਂਬਲੀ ਇਲੈਕਸ਼ਨ 2022” ਸਿਰਲੇਖ ਹੇਠ ਡਾ. ਗੁਰਪ੍ਰੀਤ ਸਿੰਘ ਵਲੋਂ ਪੀਐਚ.ਡੀ. ਕੀਤੀ ਗਈ ਹੈ। ਡਾ. ਭੁਪਿੰਦਰ ਬੱਤਰਾ ਦੀ ਨਿਗਰਾਨੀ ਅਧੀਨ ਕੀਤੀ ਗਈ ਖੋਜ ਵਿੱਚ ਬਹੁਤ ਹੀ ਦਿਲਚਸਪ ਤੱਥ ਸਾਮ੍ਹਣੇ ਆਏ ਹਨ। ਬੀਤੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਾਜਨੀਤਿਕ ਲੀਡਰਾਂ ਜਾਂ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਉਪਰ ਜੋ ਪੋਸਟਾਂ ਪਾਈਆਂ ਗਈਆਂ ਉਸ ਵਿੱਚ ਗਲਤ ਜਾਣਕਾਰੀ ਦੇ 124 ਮਾਮਲੇ ਮਿਲੇ ਹਨ। ਇਹ ਪੋਸਟਾਂ ਵੀਡੀਓ ਦੇ ਰੂਪ ਵਿੱਚ, ਟੈਕਸਟ ਦੇ ਰੂਪ ਵਿਚ ਜਾਂ ਫ਼ੋਟੋ ਦੇ ਰੂਪ ਵਿੱਚ ਵੋਟਾਂ ਵਾਲੇ ਦਿਨ ਤੋਂ ਤਿੰਨ ਮਹੀਨੇ ਪਹਿਲਾਂ ਦੀਆਂ ਹਨ।
ਸਿਆਸੀ ਪਾਰਟੀਆਂ ਵਲੋਂ ਇੱਕ ਦੂਜੇ ਨੂੰ ਬਦਨਾਮ ਕਰਨ ਲਈ ਰੱਜ ਕੇ ਝੂਠ ਦਾ ਸਹਾਰਾ ਲਿਆ ਗਿਆ ਅਤੇ ਸੋਸ਼ਲ ਮੀਡੀਆ ਤੇ ਗ਼ਲਤ ਤੱਥਾਂ ਨੂੰ ਪਰਚਾਰਿਆ ਗਿਆ। ਉਦਾਹਰਣ ਵਜੋਂ ਸੋਸ਼ਲ ਮੀਡੀਆ ਤੇ ਕੁਝ ਸਿਰਲੇਖ ਜਿਵੇਂ ‘ਕੇਜਰੀਵਾਲ ਨੇ ਕਿਸਾਨਾਂ ਨੂੰ ਰੋਕਣ ਲਈ ਕਿੱਲਾਂ ਵਰਤੀਆਂ’, ‘ਰਾਜਨਾਥ ਸਿੰਘ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ’, ‘ਸੁਖਬੀਰ ਸਿੰਘ ਬਾਦਲ ਕਿਸਾਨ ਅੰਦੋਲਨ ਵਿਰੁੱਧ’ ਅਤੇ ‘ਪ੍ਰਧਾਨ ਮੰਤਰੀ ਦੀ ਫੇਰੀ ਨਾਲ ਸਬੰਧਤ ਝੂਠੇ ਬਿਰਤਾਂਤ’ ਆਦਿ ਪੋਸਟਾਂ ਪਾਈਆਂ ਗਈਆਂ।
ਸਿਆਸੀ ਲੀਡਰਾਂ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ, ਖਾਸ ਕਰਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਨਸ਼ੇ ਦੀ ਹਾਲਤ ਵਿੱਚ ਤਸਵੀਰ, ਬਾਦਲ ਪਰਿਵਾਰ ਦੀਆਂ ਵੱਖ-ਵੱਖ ਮੌਕਿਆਂ ‘ਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅੰਬਾਨੀਆਂ ਨਾਲ ਮੁਲਾਕਾਤ ਦੀਆਂ ਪੁਰਾਣੀਆਂ ਤਸਵੀਰਾਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਤੇ ਸਰਗਰਮ ਰਹੀਆਂ। ਡੇਰਾ ਸਿਰਸਾ ਮੁਖੀ ਦੀ ਪੈਰੋਲ ਨਾਲ ਜੁੜੀਆਂ ਕਈ ਗੁੰਮਰਾਹਕੁੰਨ ਸੂਚਨਾਵਾਂ ਵੀ ਵਿਆਪਕ ਤੌਰ ‘ਤੇ ਫੈਲਾਈਆਂ ਗਈਆਂ ਅਤੇ ਕਈ ਪੋਸਟਾਂ ਵੱਖ-ਵੱਖ ਪਾਰਟੀਆਂ ਵੱਲੋਂ ਡੇਰਾ ਮੁਖੀ ਦੀ ਤਾਰੀਫ ਜਾਂ ਸਮਰਥਨ ਕਰਦੀਆਂ ਵੀ ਨਜ਼ਰ ਆਈਆਂ। ਇਸ ਤੋਂ ਇਲਾਵਾ ਵੋਟਾਂ ਵਾਲੇ ਹਫ਼ਤੇ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ 10 ਸਾਲ ਪੁਰਾਣੇ ਵਾਹਨ ਬੰਦ ਕਰਨ ਅਤੇ ਪੰਜਾਬ ਦੇ ਪਾਣੀ ਨੂੰ ਹਰਿਆਣਾ ਅਤੇ ਦਿੱਲੀ ਨੂੰ ਵੰਡਣ ਦੀਆਂ ਝੂਠੀਆਂ ਖਬਰਾਂ ਬਣਾ ਕੇ ਵੀ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ।
ਕਾਂਗਰਸ ਨੇ ਸੋਨੂੰ ਸੂਦ ਦੇ ਬਰਖਾ ਦੱਤ ਨਾਲ ਇੰਟਰਵਿਊ ਵਿੱਚ ਦਿੱਤੇ ਬਿਆਨ ਅਤੇ ਆਸਾਮ ਦੀ ਭਾਜਪਾ ਸਰਕਾਰ ਦੀਆਂ ਤਸਵੀਰਾਂ ਦੀ ਦੁਰਵਰਤੋਂ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਝੂਠੇ ਦਾਅਵੇ ਕੀਤੇ। ਕਈ ਸਿਆਸੀ ਲੀਡਰਾਂ ਨੇ ਆਪਣੇ ਭਾਸ਼ਣਾਂ ਵਿੱਚ ਝੂਠ ਬੋਲਿਆ, ਜਿਵੇਂ ਕਿ ਭਗਵੰਤ ਸਿੰਘ ਮਾਨ ਅਤੇ ਰਾਘਵ ਚੱਢਾ ਦਾ ਪੰਜਾਬ ਵਿੱਚ ਬਿਜਲੀ ਦੀਆਂ ਉੱਚੀਆਂ ਕੀਮਤਾਂ ਬਾਰੇ ਬਿਆਨ, ਕੈਪਟਨ ਅਮਰਿੰਦਰ ਸਿੰਘ ਦਾ 2017 ਦੇ ਮੈਨੀਫੈਸਟੋ ਵਿੱਚ ਕੀਤੇ 84.6% ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਅਤੇ ਅਰਵਿੰਦ ਕੇਜਰੀਵਾਲ ਦਾ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬਾਰੇ ਬਿਆਨ ਆਦਿ। ਇਹਨਾਂ ਚੋਣਾਂ ਵਿਚ ਜਾਣ ਬੁੱਝ ਕੇ, ਤੋੜ ਮਰੋੜ ਕੇ ਸੰਪਾਦਿਤ ਵੀਡੀਓ, ਤਸਵੀਰਾਂ ਅਤੇ ਛੋਟੇ ਕੱਟਕੇ ਬਣਾਏ ਕਲਿੱਪਾਂ ਦੀ ਵਰਤੋਂ ਜਨਤਾ ਨੂੰ ਧੋਖਾ ਦੇਣ ਲਈ ਵੱਡੇ ਪੱਧਰ ‘ਤੇ ਕੀਤੀ ਗਈ।
ਪਰੰਪਰਾਗਤ ਲੋਕ ਨਾਚ ਗਿੱਧੇ ਨੂੰ ਵੀ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਵਿਰੁੱਧ ਝੂਠ ਫੈਲਾਉਣ ਲਈ ਖੂਬ ਵਰਤਿਆ ਗਿਆ। ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਖ ਮੁੱਦਾ ਵੀ ਵੋਟਾਂ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਫੈਲਾਇਆ ਗਿਆ ਤਾਂ ਕਿ ਲੋਕ ਰਾਇ ਪਾਰਟੀਆਂ ਆਪਣੇ ਹੱਕ ਵਿੱਚ ਕਰ ਸਕਣ। ਕਈ ਝੂਠੇ ਫੇਸ ਬੁੱਕ ਪੇਜ, ਅਕਾਊਂਟਸ ਅਤੇ ਚੈਨਲ ਬਣਾਏ ਗਏ ਜੋਕਿ ਵੋਟਾਂ ਤੋਂ ਬਾਅਦ ਹਟਾ ਦਿੱਤੇ ਗਏ, ਵੱਖ ਵੱਖ ਪਾਰਟੀਆਂ ਲਈ ਇੱਕ ਦੂਜੇ ਖਿਲਾਫ਼ ਨੀਵੇਂ ਪੱਧਰ ਦੇ ਸ਼ਬਦ ਵੀ ਘੜੇ ਗਏ ਜਿਵੇਂ ਆਪ ਦਾ ਪਾਪ, ਢੋਂਗੀ ਆਪ, ਅੱਗਬਾਣੀ, ਖਾਲੀਦਲ, ਸ਼ੇਖਚਿੱਲੀ ਕੇਜਰੀਵਾਲ, ਦਿੱਲੀ ਦੇ ਠੱਗ, ਵੀ ਹੇਟ ਆਪ, ਬੋਲਦਾ ਪੰਜਾਬ, ਖਾਕੀ ਨਿਕਰ ਵਾਲੇ ਆਦਿ। ਸੋਸ਼ਲ ਮੀਡੀਆ ਉਤੇ ਸਿਆਸੀ ਗਲਤ ਸੂਚਨਾਵਾਂ ਫੈਲਾਉਣ ਪਿੱਛੇ ਪਾਰਟੀ ਜਾਂ ਸਿਆਸੀ ਲੀਡਰ ਬਾਰੇ ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਅਤੇ ਉਮੀਦਵਾਰ ਦੇ ਅਕਸ ਨੂੰ ਵਿਗਾੜਨ ਜਾਂ ਸੁਧਾਰਨ ਲਈ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ, ਝੂਠੀਆਂ ਖਬਰਾਂ/ਪੋਸਟਾਂ ਨੂੰ ਕੰਟਰੋਲ ਕਰਨ ਅਤੇ ਸਜ਼ਾ ਦੇਣ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਸੀਮਤ ਰਹੀ ਹੈ। ਅੱਜ ਸੋਸ਼ਲ ਮੀਡੀਆ ਐਨਾ ਸ਼ਕਤੀਸ਼ਾਲੀ ਬਣ ਗਿਆ ਹੈ ਕਿ ਇਸ ਉਪਰ ਪੂਰੀ ਤਰ੍ਹਾਂ ਕੰਟਰੋਲ ਪਾਉਣਾ ਨਾ ਸਿਰਫ਼ ਚੁਣੌਤੀ ਪੂਰਵਕ ਹੈ ਬਲਕਿ ਮੁਸ਼ਕਿਲ ਵੀ ਹੈ। ਆਮ ਵੋਟਰਾਂ ਐਨੇ ਜਾਗਰੂਕ ਨਹੀਂ ਕਿ ਉਹ ਕਿਸੀ ਵੈੱਬਸਾਈਟ ਜਾਂ ਵਿਸ਼ਵਾਸ ਯੋਗ ਸਰੋਤ ਤੋਂ ਪਤਾ ਕਰ ਸਕਣ ਕਿ ਫੈਲਾਈ ਜਾ ਰਹੀ ਖ਼ਬਰ/ਪੋਸਟ ਸੱਚੀ ਨਾ ਹੋ ਕਿ ਝੂਠੀ ਹੈ।
ਰਾਜਸੀ ਪਾਰਟੀਆਂ ਵਲੋਂ ਇੱਕ ਦੂਜੇ ਖਿਲਾਫ਼ ਝੂਠੀ ਸਮੱਗਰੀ ਵਰਤ ਕੇ ਭੜਾਸ ਕਢੀ ਜਾਂਦੀ ਰਹੀ ਹੈ, ਜਿਸ ਨੂੰ ਆਮ ਵੋਟਰ ਮਜ਼ੇ ਲੈਕੇ ਪੜ ਦਾ ਤੇ ਫੋਰੀ ਫਾਰਵਰਡ ਕਰਦਾ ਰਿਹਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਉਪਰ ਸਭ ਤੋਂ ਵੱਧ ਬਦਨਾਮ ਆਮ ਆਦਮੀ ਪਾਰਟੀ ਨੂੰ ਕੀਤਾ ਗਿਆ। ਪਰ ਇਸ ਵਾਰ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋਣ ਕਰਕੇ ਅਤੇ ਨਵੀਂ ਪਾਰਟੀ ਤੋਂ ਉਮੀਦਾਂ ਹੋਣ ਕਰਕੇ, ਸੋਸ਼ਲ ਮੀਡੀਆ ਤੇ ਫੈਲਾਈਆਂ ਝੂਠੀਆਂ ਖਬਰਾਂ ਦਾ ਅਸਰ ਨਾ ਹੋਣ ਕਰਕੇ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰ ਸਕੀ।