ਚੰਡੀਗੜ੍ਹ: ਪੰਜਾਬ ‘ਚ ਹੜ੍ਹਾਂ ਦੇ ਕਾਰਨ ਹਰ ਪਾਸੇ ਤਬਾਹੀ ਮਚੀ ਹੋਈ ਹੈ। ਇਸ ਦੌਰਾਨ ਭਾਖੜਾ ਡੈਮ ਦੇ ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ ਹਨ। ਹਾਲਾਤ ਦੇ ਮੱਦੇਨਜ਼ਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵੀਡੀਓ ਸਾਂਝੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਤਲੁਜ ਕੰਢ ਵੱਸਦੇ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ‘ਚ ਹਾਲਾਤ ਬੇਹੱਦ ਖ਼ਰਾਬ ਹੋ ਗਏ ਹਨ ਅਤੇ ਇੰਝ ਲੱਗਦਾ ਹੈ ਕਿ ਪਰਮਾਤਮਾ ਹਰ ਘੜੀ ਸਾਡਾ ਇਮਤਿਹਾਨ ਲੈ ਰਿਹਾ ਹੈ।
ਇਸ ਤੋਂ ਵੀ ਜ਼ਿਆਦਾ ਮਾੜੀ ਗੱਲ ਇਹ ਹੈ ਕਿ ਭਾਖੜਾ ਡੈਮ ‘ਚ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਵੱਧ ਗਿਆ ਅਤੇ ਇਸ ਦੇ ਪਾਣੀ ਦਾ ਪੱਧਰ ਹੁਣ 1678 ਹੋ ਚੁੱਕਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਹੈ। ਇਸ ਲਈ ਡੈਮ ਤੋਂ ਹੋਰ 5 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਪਾਣੀ ਘੰਟੇ-2 ਘੰਟਿਆਂ ‘ਚ ਇਲਾਕਿਆਂ ਤੱਕ ਪਹੁੰਚ ਜਾਵੇਗਾ, ਇਸ ਲਈ ਲੋਕ ਸਾਵਧਾਨ ਹੋ ਜਾਣ।
ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਲੋਕ ਜਿਹੜੇ ਅਜੇ ਵੀ ਘਰਾਂ ‘ਚ ਹਨ, ਉਨ੍ਹਾਂ ਨੂੰ ਬਾਹਰ ਕੱਢ ਕੇ ਰਾਹਤ ਕੇਂਦਰਾਂ ‘ਚ ਪਹੁੰਚਾਉਣ ਦੀ ਅਪੀਲ ਕੀਤੀ। ਮੰਤਰੀ ਬੈਂਸ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ‘ਚ ਅਸੀਂ ਦੇਰ ਰਾਤ ਤੱਕ ਬੰਨ੍ਹਾਂ ਨੂੰ ਮਜ਼ਬੂਤ ਕਰਨ ‘ਚ ਜੁੱਟੇ ਹੋਏ ਸੀ। ਜਿੱਥੇ ਪਾੜ ਪਏ, ਉਨ੍ਹਾਂ ਨੂੰ ਵੀ ਪੂਰਿਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ 4-5 ਘੰਟਿਆਂ ਤੋਂ ਇੱਥੇ ਬਹੁਤ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਖੱਡਾਂ ਦਾ ਪਾਣੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਔਖੀ ਘੜੂੀ ਹੈ ਪਰ ਪੰਜਾਬ ਸਰਕਾਰ ਲੋਕਾਂ ਦੇ ਨਾਲ ਹੈ ਅਤੇ ਅਸੀਂ ਵੀ ਇੱਥੇ ਮੌਜੂਦ ਰਹਾਂਗਾ। ਉਨ੍ਹਾਂ ਅਖ਼ੀਰ ‘ਚ ਕਿਹਾ ਕਿ ਸਭ ਪਰਮਾਤਮਾ ਅੱਗੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਡਾ ਹੋਰ ਇਮਤਿਹਾਨ ਨਾ ਲੈਣ।