Punjab Government’s Financial Scheme : ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਲਈ, ਰਾਸ਼ਟਰੀ ਪਰਿਵਾਰ ਲਾਭ ਯੋਜਨਾ ਦੇ ਤਹਿਤ, ਘਰ ਦੇ ਕਮਾਉਣ ਵਾਲੇ ਮੁਖੀ ਦੀ ਮੌਤ ਹੋਣ ‘ਤੇ ਪਰਿਵਾਰ ਨੂੰ 20,000 ਰੁਪਏ ਦੀ ਇੱਕ ਵਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਮੌਤ (ਕੁਦਰਤੀ ਜਾਂ ਹੋਰ ਕਾਰਨਾਂ ਕਰਕੇ) ਹੋਣ ਦੀ ਸੂਰਤ ਵਿੱਚ, ਗਰੀਬ ਪਰਿਵਾਰ, ਜੇਕਰ ਉਹ ਨਿਰਧਾਰਤ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਤਾਂ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕੋਈ ਵੀ ਔਰਤ, ਜੋ ਘਰ ਦੀ ਆਮਦਨ ਦਾ ਸਰੋਤ ਹੈ, ਨੂੰ ਵੀ ਘਰ ਦੀ ਕਮਾਉਣ ਵਾਲੀ ਮੁਖੀ ਮੰਨਿਆ ਜਾਵੇਗਾ ਅਤੇ ਇਹ ਸਹਾਇਤਾ ਉਸਦੇ ਪਰਿਵਾਰ ਨੂੰ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਪਰਿਵਾਰ ਸ਼ਬਦ ਵਿੱਚ ਪਤੀ-ਪਤਨੀ, ਨਾਬਾਲਗ ਬੱਚੇ, ਅਣਵਿਆਹੀਆਂ ਕੁੜੀਆਂ ਅਤੇ ਨਿਰਭਰ ਮਾਪੇ ਸ਼ਾਮਲ ਹੋਣਗੇ। ਜੇਕਰ ਕਿਸੇ ਅਣਵਿਆਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਇਹ ਸਹਾਇਤਾ ਉਸਦੇ ਪਰਿਵਾਰ ਦੇ ਛੋਟੇ ਭਰਾ/ਭੈਣ ਜਾਂ ਨਿਰਭਰ ਮਾਪਿਆਂ ਨੂੰ ਦਿੱਤੀ ਜਾਵੇਗੀ।
ਧਿਆਨ ਦੇਣ ਯੋਗ ਹੈ ਕਿ ਕਮਾਈ ਕਰਨ ਵਾਲੇ ਮੁਖੀ ਦੀ ਮੌਤ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਵਿੱਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਮ੍ਰਿਤਕ ਕਮਾਉਣ ਵਾਲੇ ਮੁਖੀ ਦੀ ਮੌਤ ਦੇ ਹਰੇਕ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਗਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੇ ਅਤੇ ਸਮਾਜਿਕ-ਆਰਥਿਕ ਜਾਤੀ ਵਰਗੀਕਰਣ ਦੇ ਅਧੀਨ ਆਉਣ ਵਾਲੇ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਮੰਤਰੀ ਨੇ ਅੰਤ ਵਿੱਚ ਕਿਹਾ ਕਿ ਇਹ ਸਕੀਮ ਪੰਜਾਬ ਸਰਕਾਰ ਦਾ ਸਮਾਜਿਕ ਭਲਾਈ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ ਅਤੇ ਯੋਗ ਵਿਅਕਤੀ ਇਸ ਦਾ ਲਾਭ ਲੈਣ ਲਈ ਆਪਣੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।