Punjab Crime News: ਸਾਹਮਣੇ ਆਈ ਸੀਸੀਟੀਵੀ ਕੈਮਰੇ ‘ਚ ਦੇਖਿਆ ਗਿਆ ਕਿ ਸੰਗਰੂਰ ਦੀ ਇੰਦਰਾ ਕਲੋਨੀ ਦੇ ਵਿੱਚ ਇੱਕ ਪਰਿਵਾਰ ਦੇ ਘਰ ਦੇ ਵਿੱਚ ਪਿਛਲੇ ਪਾਸਿਓਂ ਦੀ ਵੜ ਕੇ ਚੋਰੀ ਕੀਤੀ ਗਈ।
Thieves in Sangrur: ਸੰਗਰੂਰ ‘ਚ ਚੋਰਾਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਪਰਿਵਾਰ ਦੀ ਮੌਜੂਦਗੀ ‘ਚ ਹੀ ਚੋਰ ਆਪਣਾ ਕੰਮ ਆਸਾਨੀ ਨਾਲ ਕਰ ਗਏ। ਚੋਰਾਂ ਵੱਲੋਂ ਘਰ ‘ਚ ਘੁਸ ਕੇ ਚੋਰੀ ਕੀਤੀ ਗਈ। ਦੱਸ ਦਈਏ ਕਿ ਸੱਤ ਅਤੇ ਅੱਠ ਦੀ ਦਰਮਿਆਨੀ ਰਾਤ ਨੂੰ ਦੋ ਚੋਰ ਗਲੀ ‘ਚ ਘੁੰਮਦੇ ਨਜ਼ਰ ਆਏ। ਸਾਹਮਣੇ ਆਈ ਸੀਸੀਟੀਵੀ ਕੈਮਰੇ ‘ਚ ਦੇਖਿਆ ਗਿਆ ਕਿ ਸੰਗਰੂਰ ਦੀ ਇੰਦਰਾ ਕਲੋਨੀ ਦੇ ਵਿੱਚ ਇੱਕ ਪਰਿਵਾਰ ਦੇ ਘਰ ਦੇ ਵਿੱਚ ਪਿਛਲੇ ਪਾਸਿਓਂ ਦੀ ਵੜ ਕੇ ਚੋਰੀ ਕੀਤੀ ਗਈ।
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਆਪਣੇ-ਆਪਣੇ ਕਮਰਿਆਂ ਵਿੱਚ ਏਸੀ ਲਗਾ ਕੇ ਚੈਨ ਦੀ ਨੀਂਦ ਸੋ ਰਹੇ ਸੀ ਤਾਂ ਦੂਸਰੇ ਕਮਰੇ ਵਿੱਚ ਅਲਮਾਰੀ ਖੋਲ ਕੇ ਸਾਡੇ ਦਾਦੀ ਦੀ ਸੰਭਾਲੀ ਹੋਈ ਡੇਢ ਕਿਲੋ ਚਾਂਦੀ, ਦੋ ਸੋਨੇ ਦੀਆਂ ਅੰਗੂਠੀਆਂ ਅਤੇ ਕੰਨਾਂ ਦੇ ਵਿੱਚ ਪਾਉਣ ਵਾਲੇ ਕਾਂਟੇ ਅਤੇ 15000 ਨਗਦੀ ਚੋਰਾਂ ਨੇ ਚੋਰੀ ਕਰਕੇ ਫਰਾਰ ਹੋ ਗਏ।

ਪੀੜਤ ਪਰਿਵਾਰ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਬੱਚੇ ਦਾ ਦੁੱਧ ਬਣਾਉਣ ਦੇ ਲਈ ਸਵੇਰੇ ਤਿੰਨ ਵਜੇ ਉੱਠੇ ਤਾਂ ਹਾਲਾਤ ਦੇਖ ਕੇ ਸਾਨੂੰ ਚੋਰੀ ਦਾ ਪਤਾ ਲੱਗਿਆ ਅਤੇ ਸਾਡੇ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਕੈਮਰੇ ਖੰਗਾਲ ਕੇ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜੇ ਅਤੇ ਸਾਡਾ ਚੋਰੀ ਹੋਇਆ ਸਮਾਨ ਸਾਨੂੰ ਵਾਪਸ ਕਰਵਾਇਆ ਜਾਵੇ
ਜਦੋਂ ਇਸ ਸਬੰਧੀ ਸੰਗਰੂਰ ਦੇ ਸਿਟੀ ਥਾਣਾਂ ਦੇ ਐਸਐਚਓ ਮਨਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲੇ ਸ਼ਿਕਾਇਤ ਦਰਜ ਹੋਈ ਹੈ ਕਿ ਸੰਗਰੂਰ ਦੀ ਇੰਦਰਾ ਕਲੋਨੀ ਦੇ ਵਿੱਚ ਸੱਤ ਅੱਠ ਦੀ ਦਰਮਿਆਨੀ ਰਾਤ ਚੋਰਾਂ ਦੇ ਵੱਲੋਂ ਚੋਰੀ ਕੀਤੀ ਹੈ। ਐਸਐਚਓ ਨੇ ਕਿਹਾ ਕਿ ਸਾਡੇ ਵੱਲੋਂ ਪੂਰੇ ਮਾਮਲੇ ਦੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ।