ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਸਮਾਂ ਦੋਸ਼ ਲਾਉਣ ਜਾਂ ਟਕਰਾਅ ਕਰਨ ਦਾ ਨਹੀਂ, ਸਗੋਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਇਲਾਜ ਲਈ ਮਿਲ ਕੇ ਕੰਮ ਕਰਨ ਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਇਕੱਠ ਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਟਕਰਾਅ ਕਰਨ ਦੀ ਬਜਾਏ, ਹੜ੍ਹ ਪ੍ਰਭਾਵਿਤ ਲੋਕਾਂ ਦੀ ਪੀੜਾ ਘਟਾਉਣ ਲਈ ਉਨ੍ਹਾਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ।
ਰਾਜ ਆਫ਼ਤ ਰਾਹਤ ਫੰਡ ਦੇ ਮਾਮਲੇ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਵਿਵਾਦ ਬਾਅਦ ਵਿੱਚ ਵੀ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ, “ਇੱਕ ਦੂਜੇ ਵਿੱਚ ਨੁਕਸ ਲੱਭਣ ਨਾਲ ਕੁਝ ਨਹੀਂ ਮਿਲੇਗਾ। ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਤੁਰੰਤ ਪ੍ਰਧਾਨ ਮੰਤਰੀ ਨਾਲ ਮਿਲ ਕੇ ਪੰਜਾਬ ਦੀ ਗੱਲ ਰੱਖੇ, ਕਿਉਂਕਿ ਇਸ ਸੰਕਟ ਤੋਂ ਸੂਬੇ ਨੂੰ ਕੇਵਲ ਕੇਂਦਰ ਸਰਕਾਰ ਹੀ ਬਾਹਰ ਕੱਢ ਸਕਦੀ ਹੈ।”
ਸਾਬਕਾ ਮੁੱਖ ਮੰਤਰੀ ਨੇ ਮੰਨਿਆ ਕਿ ਗਲਤੀਆਂ ਹੋਈਆਂ ਹਨ ਜਿਸ ਕਾਰਨ ਵੱਡੀ ਤਬਾਹੀ ਵਾਪਰੀ। ਉਨ੍ਹਾਂ ਕਿਹਾ, “ਸਾਰਾ ਨੁਕਸਾਨ ਰੋਕਣਾ ਤਾਂ ਸੰਭਵ ਨਹੀਂ ਸੀ, ਪਰ ਜੇਕਰ ਸਮੇਂ ‘ਤੇ ਕਦਮ ਚੁੱਕੇ ਜਾਂਦੇ ਤਾਂ ਇਸਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ, ਖ਼ਾਸ ਕਰਕੇ ਜਦੋਂ ਮਾਨਸੂਨ ਦੌਰਾਨ ਵੱਧ ਬਾਰਿਸ਼ ਦੀ ਸਪੱਸ਼ਟ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕੀ ਸੀ।”
ਉਨ੍ਹਾਂ ਸਪੱਸ਼ਟ ਕੀਤਾ ਕਿ ਗਲਤੀਆਂ ਦੀ ਪਛਾਣ ਅਤੇ ਸੋਧ ਜ਼ਰੂਰੀ ਹੈ, ਪਰ ਇਸ ਵੇਲੇ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੜ੍ਹ ਪੀੜਤਾਂ ਦੀ ਰਾਹਤ ਅਤੇ ਮੁੜ ਵਸੇਬਾ ਹੋਣਾ ਚਾਹੀਦਾ ਹੈ।
ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਨੇ ਕਣਕ ਦੀ ਬਿਜਾਈ ਦੇ ਨੇੜੇ ਆ ਰਹੇ ਸੀਜ਼ਨ ਬਾਰੇ ਵੀ ਚਿੰਤਾ ਜਤਾਈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਮਾਹਰਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਰਾਹਤ ਤੇ ਮਾਰਗਦਰਸ਼ਨ ਦੇਵੇਗੀ। ਉਨ੍ਹਾਂ ਕਿਹਾ ਕਿ ਮਿੱਟੀ ਦੀ ਵੱਧ ਨਮੀ ਕਾਰਨ ਕੁਝ ਹਿੱਸਿਆਂ ਵਿੱਚ ਕਣਕ ਦੀ ਬਿਜਾਈ ਮੁਸ਼ਕਲ ਹੋ ਸਕਦੀ ਹੈ, ਜਿਸ ਦਾ ਹੱਲ ਤੁਰੰਤ ਕੀਤਾ ਜਾਣਾ ਲਾਜ਼ਮੀ ਹੈ।