Hukumnama Sahib:ਅੱਜ ਦਾ ਫੁਰਮਾਣ ਸਲੋਕੁ ਮ: ੩ ॥ ਹੁਕਮਨਾਮਾ ਸਾਹਿਬ .com ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥
ਵਿਆਖਿਆ:- ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ, (ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ (ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ। ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ।1।