Indian in Canada: ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਮੁਤਾਬਕ ਸਾਲ 2020 ਤੋਂ 2024 ਤੱਕ ਪੰਜ ਸਾਲਾਂ ਦੀ ਮਿਆਦ ਵਿੱਚ ਕੈਨੇਡਾ ਵਿੱਚ ਕੁੱਲ 1,203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ।
ਮਨਵੀਰ ਰੰਧਾਵਾ ਦੀ ਰਿਪੋਰਟ
Indians died in Canada: ਕੈਨੇਡਾ ‘ਚ ਭਾਰਤੀਆਂ ਦੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰ ਨੇ ਵੀਰਵਾਰ ਨੂੰ ਸੰਸਦ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ 1,000 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ 757 ਭਾਰਤੀਆਂ ਦੀਆਂ ਲਾਸ਼ਾਂ ਕੈਨੇਡਾ ਤੋਂ ਭਾਰਤ ਵਾਪਸ ਲਿਆਂਦੀਆਂ ਹਨ।
ਵਿਦੇਸ਼ ਮੰਤਰਾਲੇ ਤੋਂ ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਮੌਤ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਸੀ। ਇਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਕੀਰਤੀ ਵਰਧਨ ਸਿੰਘ ਨੇ ਸੰਸਦ ਨੂੰ ਦੱਸਿਆ ਕਿ, “ਮੰਤਰਾਲੇ ਕੋਲ ਉਪਲਬਧ ਅੰਕੜਿਆਂ ਅਨੁਸਾਰ, 2020 ਤੋਂ 2024 ਦੇ ਵਿਚਕਾਰ ਕੈਨੇਡਾ ਵਿੱਚ ਕੁੱਲ 1,203 ਭਾਰਤੀਆਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਬੁਢਾਪੇ ਅਤੇ ਗੰਭੀਰ ਬਿਮਾਰੀਆਂ ਕਾਰਨ ਹੋਈਆਂ ਸਨ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਮੌਤਾਂ ਦੁਰਘਟਨਾਵਾਂ, ਹਿੰਸਾ, ਕਤਲ ਅਤੇ ਖੁਦਕੁਸ਼ੀ ਵਰਗੇ ਗੈਰ-ਕੁਦਰਤੀ ਕਾਰਨਾਂ ਕਰਕੇ ਹੋਈਆਂ ਹਨ।”
ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਦੇ ਮਾਮਲਿਆਂ ਨੂੰ ਤਰਜੀਹ
ਇਨ੍ਹਾਂ ਮੌਤਾਂ ਦੇ ਸਾਲ-ਵਾਰ ਵੇਰਵੇ ਸਾਂਝੇ ਕਰਦੇ ਹੋਏ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ 2020 ਵਿੱਚ 120 ਮੌਤਾਂ, 2021 ਵਿੱਚ 160 ਮੌਤਾਂ, 2022 ਵਿੱਚ 198 ਮੌਤਾਂ, 2023 ਵਿੱਚ 336 ਮੌਤਾਂ ਅਤੇ 2024 ਵਿੱਚ ਹੁਣ ਤੱਕ 389 ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਮ੍ਰਿਤਕ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਵਾਪਸ ਲਿਆਉਣ ਨਾਲ ਸਬੰਧਤ ਮਾਮਲਿਆਂ ਨੂੰ ਤਰਜੀਹ ਦਿੰਦੀ ਹੈ।
ਕੈਨੇਡਾ ਵਿੱਚ ਕੁਝ ਭਾਰਤੀਆਂ ਦੀਆਂ ਮੌਤਾਂ ਗੈਰ-ਕੁਦਰਤੀ ਵੀ
ਉਨ੍ਹਾਂ ਰਾਜ ਸਭਾ ਨੂੰ ਦੱਸਿਆ ਕਿ ਇਨ੍ਹਾਂ ਚੋਂ ਕੁਝ ਮੌਤਾਂ ਗੈਰ-ਕੁਦਰਤੀ ਵੀ ਸੀ, ਜੋ ਹਿੰਸਾ, ਕਤਲ, ਖੁਦਕੁਸ਼ੀ ਅਤੇ ਹਾਦਸਿਆਂ ਕਾਰਨ ਹੋਈਆਂ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਵਿਰੁੱਧ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਐਮਰਜੈਂਸੀ, ਮੌਤ, ਸਥਾਨਕ ਅੰਤਿਮ ਸਸਕਾਰ ਜਾਂ ਲਾਸ਼ ਨੂੰ ਭਾਰਤ ਲਿਆਉਣ ਅਤੇ ਬੀਮਾ ਜਾਂ ਮੁਆਵਜ਼ੇ ਦੇ ਦਾਅਵੇ ਦੇ ਨਿਪਟਾਰੇ ਵਿੱਚ ਸਹਾਇਤਾ ਲਈ ਸਾਰੇ ਭਾਰਤੀ ਮਿਸ਼ਨਾਂ ਅਤੇ ਕੌਂਸਲੇਟਾਂ ਨਾਲ ਤਾਲਮੇਲ ਕਰਨ ਲਈ ਇੱਕ ਚੰਗੀ ਤਰ੍ਹਾਂ ਸੰਗਠਿਤ ਪ੍ਰਕਿਰਿਆ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ (SoP) ਤਿਆਰ ਕੀਤੀਆਂ ਹਨ।