Moga Accident: ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਸੜਕ ‘ਤੇ ਪਾਈਪਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਗਈ।
Road Accident in Moga: ਸ਼ਨੀਵਾਰ ਦਾ ਦਿਨ ਪੰਜਾਬ ਅਤੇ ਹਰਿਆਣਾ ‘ਚ ਹਾਦਸਿਆਂ ਦੀ ਦਿਨ ਬਣ ਗਿਆ। ਹਰਿਆਣਾ ਦੇ ਸਿਰਸਾ ‘ਚ ਦੋ ਭਿਆਨਕ ਸੜਕ ਹਾਦਸੇ ਵਾਪਰੇ। ਹੁਣ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ। ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ‘ਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਾਈਪਾਂ ਨਾਲ ਭਰੀ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਵੱਡਾ ਹਾਦਸਾ ਵਾਪਰਿਆ। ਜਿਸ ਕਰਕੇ ਮੋਟਰ ਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਪਤੀ-ਪਤਨੀ ਆਪਣੇ ਘਰ ਲਈ ਰਾਸ਼ਨ ਲੈ ਕੇ ਆਪਣੇ ਪਿੰਡ ਮਾਣੂਕੇ ਵਾਪਸ ਆ ਰਹੇ ਸੀ।
ਪੁਲਿਸ ਮਾਮਲੇ ਕਰ ਰਹੀ ਦੀ ਜਾਂਚ
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਨਿਹਾਲ ਸਿੰਘ ਵਾਲਾ ਤੋਂ ਬਾਘਾਪੁਰਾਣਾ ਸੜਕ ‘ਤੇ ਪਾਈਪਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਗਈ। ਇਸ ਦੌਰਾਨ ਪਿੰਡ ਮਾਣੂਕੇ ਦੇ ਰਹਿਣ ਵਾਲੇ ਹਰਜੀਤ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ, ਜੋ ਕਿ ਨਿਹਾਲ ਸਿੰਘ ਵਾਲਾ ਤੋਂ ਰਾਸ਼ਨ ਲੈ ਕੇ ਘਰ ਵਾਪਸ ਆ ਰਹੇ ਸੀ, ਰਸਤੇ ਵਿੱਚ ਇਸ ਟਰਾਲੀ ਦੀ ਲਪੇਟ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਪਾਈਪਾਂ ਨਾਲ ਭਰੀ ਟਰਾਲੀ ਦਾ ਹੁੱਕ ਟੁੱਟ ਗਿਆ ਅਤੇ ਟਰਾਲੀ ਉਨ੍ਹਾਂ ‘ਤੇ ਪਲਟ ਗਈ।
ਟਰਾਲੀ ਦੀ ਟੱਕਰ ਨਾਲ ਪਤੀ-ਪਤਨੀ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ। ਇਸ ਦੁਖਦਾਈ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।