Truck and bike collide ;- ਕਪੂਰਥਲਾ ਦੀ ਗੋਇੰਦਵਾਲ ਸਾਹਿਬ ਰੋਡ ’ਤੇ ਅੱਜ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ’ਚ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਲਗਭਗ 10:30 ਵਜੇ ਪਿੰਡ ਨਵਾਂਪਿੰਡ ਗੇਟਵਾਲਾ ਨੇੜੇ ਵਾਪਰਿਆ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਭਵਾਨੀਪੁਰ ਦੇ ਰਹਿਣ ਵਾਲੇ 16 ਸਾਲਾ ਰੂਪੇਸ਼ ਕੁਮਾਰ, ਜੋ ਦੱਸਵੀਂ ਕਲਾਸ ਦਾ ਵਿਦਿਆਰਥੀ ਸੀ, ਅਤੇ 13 ਸਾਲਾ ਨੀਤੀਸ਼ ਕੁਮਾਰ, ਜੋ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ, ਬਾਈਕ (PB-09-AF-1218) ’ਤੇ ਕਪੂਰਥਲਾ ਤੋਂ ਵਾਪਸ ਪਿੰਡ ਜਾ ਰਹੇ ਸਨ। ਪਿੰਡ ਨਵਾਂਪਿੰਡ ਗੇਟਵਾਲਾ ਨੇੜੇ ਉਨ੍ਹਾਂ ਦੀ ਟੱਕਰ ਸਾਹਮਣੇ ਆ ਰਹੇ ਟਰੱਕ (PB-06-BA-8244) ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਬਾਈਕ ਵੀ ਪੂਰੀ ਤਰ੍ਹਾਂ ਨੱਸ ਗਈ।
ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜੇ ’ਚ ਲੈ ਲਿਆ ਗਿਆ ਹੈ। ਮ੍ਰਿਤਕ ਵਿਦਿਆਰਥੀਆਂ ਦੇ ਸ਼ਵਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸਦੀ ਪੁਲਿਸ ਵਲੋਂ ਤਲਾਸ਼ ਕੀਤੀ ਜਾ ਰਹੀ ਹੈ।
ਪੁਲਿਸ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ, ਜਿਨ੍ਹਾਂ ਦੇ ਆਧਾਰ ’ਤੇ ਫਰਾਰ ਟਰੱਕ ਚਾਲਕ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ। ਦੂਜੇ ਪਾਸੇ, ਸਿਵਲ ਹਸਪਤਾਲ ’ਚ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦਾ ਰੋਣ-ਧੋਣ ਕਰਕੇ ਬੁਰਾ ਹਾਲ ਹੈ।