Punjabi movie Paani release date;ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੀ ਕੁੜਿੱਕੀ ‘ਚ ਫਸੀ ਪੰਜਾਬੀ ਲਘੂ ਫਿਲਮ ‘ਸ਼ਹਾਦਤ’ ਨੂੰ ਆਖਿਰਕਾਰ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਹਾਲਾਂਕਿ ਹੁਣ ਬਦਲਵੇਂ ਨਾਂਅ ‘ਪਾਣੀ’ ਹੇਠ ਇਸ ਨੂੰ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਕੀਤਾ ਜਾਵੇਗਾ।
ਪੰਜਾਬ ਦੇ ਕਾਲੇ ਦੌਰ ਨੂੰ ਪ੍ਰਤੀਬਿੰਬਤ ਕੀਤੀ ਗਈ ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਅਮਰਦੀਪ ਸਿੰਘ ਗਿੱਲ ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਅਪਣੇ ਨਿਰਦੇਸ਼ਨ ਵਿੱਚ ਬਣੀਆਂ ਕਈ ਪੰਜਾਬੀ ਫਿਲਮਾਂ ਨੂੰ ਲੈ ਕੇ ਸੁਰਖੀਆਂ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਵਿੱਚ ਸਾਹਮਣੇ ਆ ਚੁੱਕੀ ‘ਦਾਰੋ’ ਤੋਂ ਇਲਾਵਾ ਆਉਂਦੇ ਦਿਨੀ ਸਟ੍ਰੀਮ ਹੋਣ ਵਾਲੀ ‘ਸੁੱਖਾ ਰੇਡਰ’ ਆਦਿ ਸ਼ਾਮਿਲ ਹਨ।
“ਸ਼ਹੀਦ ਅਖਵਾਉਣ ਲਈ ਮਰਨਾ ਜ਼ਰੂਰੀ ਨਹੀਂ ਹੁੰਦਾ! ਕੁੱਝ ਲੋਕ ਜਿਉਂਦੇ ਰਹਿ ਕੇ ਵੀ ਸ਼ਹਾਦਤ ਪਾ ਲੈਂਦੇ ਨੇ” ਦੀ ਟੈਗ-ਲਾਇਨ ਅਧੀਨ ਬਣਾਈ ਗਈ ਗਈ ਹੈ ਉਕਤ ਫਿਲਮ, ਜਿਸ ਦਾ ਨਿਰਮਾਣ ਜਸਵੰਤ ਸਿੰਘ ਝੱਜ ਦੁਆਰਾ ਕੀਤਾ ਗਿਆ ਹੈ।

‘ਅਮਰਦੀਪ ਫਿਲਮਜ਼’ ਦੇ ਬੈਨਰ ਹੇਠ ਬਣਾਈ ਗਈ ਅਤੇ ਪੇਸ਼ ਕੀਤੀ ਜਾ ਰਹੀ ਇਸ ਦੀ ਕਹਾਣੀ ਥੀਮ 1992-93 ਦੇ ਅਸ਼ਾਂਤ ਸਾਲਾਂ ਉਪਰ ਕੇਂਦਰਿਤ ਹੈ, ਜੋ ਇਸ ਸਮੇਂ ਕਾਲ ਦੌਰਾਨ ਤ੍ਰਾਸਦੀ ਹੰਢਾਉਣ ਵਾਲੇ ਪਰਿਵਾਰਾਂ ਦੇ ਦੁੱਖਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਉਨ੍ਹਾਂ ਦੁਆਰਾ ਸਹਿਣ ਕੀਤੀ ਗਈ ਹਿੰਸਾ ਅਤੇ ਡਰ ਨੂੰ ਉਜਾਗਰ ਕੀਤਾ ਗਿਆ ਹੈ।
ਦਿਲ ਨੂੰ ਝਕਝੋਰ ਦੇਣ ਵਾਲੇ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫਿਲਮ ਵਿੱਚ ਕੁੱਲ ਸਿੱਧੂ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਤੋਂ ਇਲਾਵਾ ਸ਼ਰਨ ਧਾਲੀਵਾਲ, ਤਲਵਿੰਦਰ ਸਿੰਘ ਭੁੱਲਰ ਆਦਿ ਜਿਹੇ ਮੰਝੇ ਹੋਏ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਮਾਲਵਾ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਕਈ ਦ੍ਰਿਸ਼ਾਂ ਅਤੇ ਨਾਂਅ ਉਪਰ ਸੈਂਸਰ ਬੋਰਡ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ ਅਤੇ ਇਸ ਸੰਬੰਧੀ ਕੱਟਾਂ ਦੀਆਂ ਹਦਾਇਤਾਂ ਦੇ ਨਾਲ-ਨਾਲ ਨਾਂਅ ਬਦਲਣ ਦੀ ਵੀ ਤਾਕੀਦ ਕੀਤੀ ਗਈ ਸੀ।
ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਵਿਸ਼ਾ ਬਣੀ ਉਕਤ ਫਿਲਮ ਦੀ ਮਸ਼ਹੂਰ ਫਿਲਮਕਾਰ ਰਹੇ ਮਰਹੂਮ ਵਰਿੰਦਰ ਨੂੰ ਸਮਰਪਿਤ ਕੀਤੇ ਜਾ ਰਹੇ ਤਿੰਨ ਰੋਜ਼ਾਂ ਲਘੂ ਫਿਲਮ ਫ਼ੈਸਟੀਵਲ ਦੌਰਾਨ ਵੀ ਵਿਸ਼ੇਸ਼ ਸਕ੍ਰੀਨਿੰਗ ਹੋਣ ਜਾ ਰਹੀ ਹੈ, ਜਿਸ ਦਾ ਅਗਾਜ਼ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ ਹੋ ਚੁੱਕਾ ਹੈ।