Punjab News: ਨਹਾਉਣ ਗਏ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਸਤਲੁਜ ਦਰਿਆ ‘ਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਗਹਿਰਾ ਸੀ।
Drowning in Sutlej River: ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲੀਏਵਾਲ ਦੇ 2 ਨੌਜਵਾਨ ਦਰਿਆ ‘ਚ ਡੁੱਬ ਗਏ। ਹਾਸਲ ਜਾਣਕਾਰੀ ਮੁਤਾਬਕ ਦੋਵੇਂ ਦੋਸਤ ਨਹਾਉਣ ਲਈ ਦਰਿਆ ਦੇ ਪਾਣੀ ਵਿਚ ਉੱਤਰੇ ਤਾਂ ਉੱਥੇ ਉਹ ਡੁੱਬ ਗਏ। ਜਿਨ੍ਹਾਂ ’ਚੋਂ ਸ਼ੁਭਪ੍ਰੀਤ ਸਿੰਘ (29) ਦੀ ਲਾਸ਼ ਬਰਾਮਦ ਹੋ ਗਈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ਼ ਰਾਜੂ ਦੀ ਗੋਤਾਖੋਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਚਲੇ ਗਏ। ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾਹ ਕੇ ਪਾਣੀ ਵਿਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਗਹਿਰਾ ਸੀ। ਨਹਾਉਣ ਸਮੇਂ ਗੁਰਮੀਤ ਸਿੰਘ ਅਚਾਨਕ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਣ ਲੱਗਾ ਸ਼ੁਭਪ੍ਰੀਤ ਸਿੰਘ ਵੀ ਗਹਿਰੇ ਪਾਣੀ ਦੀ ਲਪੇਟ ਵਿਚ ਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਨੇੜਲੇ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ਵਿਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ।
ਮ੍ਰਿਤਕ ਸ਼ੁਭਪ੍ਰੀਤ ਸਿੰਘ ਪੜ੍ਹਿਆ ਲਿਖਿਆ ਤੇ ਨੇਕ ਸੁਭਾਅ ਵਾਲਾ
ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮਰਿਆ ਨੌਜਵਾਨ ਸ਼ੁਭਪ੍ਰੀਤ ਸਿੰਘ ਕਾਫ਼ੀ ਪੜ੍ਹਿਆ ਲਿਖਿਆ ਸੀ ਜੋ ਘਰ ਵਿਚ ਆਨਲਾਈਨ ਹੀ ਕੰਮ ਕਰਦਾ ਸੀ। ਨੌਜਵਾਨ ਅਜੇ ਕੁਆਰਾ ਸੀ ਅਤੇ ਨੇਕ ਸੁਭਾਅ ਦਾ ਮਾਲਕ ਹੋਣ ਕਾਰਨ ਪਿੰਡ ਦਾ ਹਰੇਕ ਵਿਅਕਤੀ ਉਸਦੀ ਮੌਤ ਕਾਰਨ ਗ਼ਮਗੀਨ ਹੈ। ਦੂਸਰਾ ਨੌਜਵਾਨ ਗੁਰਮੀਤ ਸਿੰਘ ਪਿੰਡ ਵਿਚ ਹੀ ਮੋਬਾਇਲਾਂ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ, ਜਿਸ ਦੀਆਂ 2 ਛੋਟੀਆਂ-ਛੋਟੀਆਂ ਧੀਆਂ ਹਨ।