Punjab News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਦੇ ਵਿਦਿਆਰਥੀ ਰਹੇ ਚੁੱਕੇ ਸਿਦਕ ਸਿੰਘ ਨੇ ਯੂ.ਪੀ.ਐਸ.ਸੀ. (ਸੰਯੁਕਤ ਸੇਵਾਵਾਂ) ਪ੍ਰੀਖਿਆ 2024 ਦੇ ਹਾਲ ਹੀ ਵਿੱਚ ਐਲਾਨੇ ਗਏ ਨਤੀਜਿਆਂ ਵਿੱਚ 157ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰਕੇ ਆਪਣਾ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨੇ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸ ਦੀ ਪ੍ਰਾਪਤੀ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਸਿਦਕ ਸਿੰਘ ਫਗਵਾੜੇ ਦਾ ਰਹਿਣ ਵਾਲਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸਿਦਕ ਦੀ ਸਫਲਤਾ ਲਈ ਸਕੂਲ ਆਫ਼ ਸੋਸ਼ਲ ਸਾਇੰਸਜ਼ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਫੈਕਲਟੀ ਮੈਂਬਰਾਂ ਅਤੇ ਪਰਿਵਾਰ ਨੂੰ ਵੀ ਵਧਾਈ ਦਿੱਤੀ ਜੋ ਕਿ ਸਿਦਕ ਸਿੰਘ ਦੀ ਸਫਲਤਾ ਦੀ ਯਾਤਰਾ ਦਾ ਹਿੱਸਾ ਰਹੇ ਹਨ।
2003 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਸਕੂਲ ਆਫ਼ ਸੋਸ਼ਲ ਸਾਇੰਸਜ਼ ਨੇ ਲਗਾਤਾਰ ਪ੍ਰਾਪਤੀਆਂ ਕਰਦਿਆਂ ਬਹੁਤ ਸਾਰੀਆਂ ਵੱਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲ ਉਮੀਦਵਾਰ ਪੈਦਾ ਕੀਤੇ ਹਨ। ਪਿਛਲੇ ਦੋ ਦਹਾਕਿਆਂ ਤੋਂ ਸਕੂਲ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਰਾਹੀਂ ਆਈ.ਏ.ਐਸ./ਆਈ.ਪੀ.ਐਸ./ਆਈ.ਆਰ.ਐਸ. ਅਧਿਕਾਰੀ ਪੈਦਾ ਕਰਨ ਮਾਣ ਪ੍ਰਾਪਤ ਕੀਤਾ ਹੈ ਖਾਸ ਤੌਰ ‘ਤੇ ਇਸਦੇ ਇੱਕ ਸਾਬਕਾ ਵਿਿਦਆਰਥੀ, ਰੁਕਮਣੀ ਰਿਆੜ, ਪਹਿਲਾਂ ਯੂ.ਪੀ.ਐਸ.ਸੀ. ਵਿੱਚ ਆਲ ਇੰਡੀਆ ਰੈਂਕ 2 ਪ੍ਰਾਪਤ ਕਰਕੇ ਆਈ.ਏ.ਐਸ. ਅਧਿਕਾਰੀ ਬਣ ਗਈ ਸੀ।
ਦੱਸ ਦੇਈਏ ਕਿ ਹੋਰ ਮਹੱਤਵਪੂਰਨ ਪ੍ਰਾਪਤੀਆਂ ਕਰਨ ਵਾਲਿਆਂ ਵਿੱਚ ਜਤਿਨ ਚੋਪੜਾ, ਦਲਜੀਤ ਕੌਰ, ਸਵਰਗੀ ਬਰਜਿੰਦਰ ਸਿੰਘ ਰੰਧਾਵਾ, ਅਮੁਲਦੀਪ ਕੌਰ, ਅੰਮ੍ਰਿਤਪਾਲ ਸਿੰਘ ਅਤੇ ਅੰਮ੍ਰਿਤਪਾਲ ਕੌਰ ਸ਼ਾਮਲ ਹਨ। ਸਕੂਲ ਦੇ ਕਈ ਪ੍ਰਸਿੱਧ ਸਾਬਕਾ ਵਿਦਿਆਰਥੀ ਵੀ ਪੀਪੀਐਸਸੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਨਿਰਧਾਰਤ ਅਹੁਦਿਆਂ ‘ਤੇ ਰਾਜ ਦੀ ਸੇਵਾ ਕਰ ਰਹੇ ਹਨ।
ਇਸ ਤੋਂ ਇਲਾਵਾ ਜਲੰਧਰ ਦੀ ਰਹਿਣ ਵਾਲੀ 23 ਸਾਲਾਂ ਅਰੂਸ਼ੀ ਸ਼ਰਮਾ ਨੇ ਵੀ ਪੰਜਾਬ ਦਾ ਨਾਮ ਚਮਕਾਇਆ ਹੈ। ਅਰੂਸ਼ੀ ਸ਼ਰਮਾ ਨੇ ਯੂਪੀਐਸਸੀ 2024 ਦੀ ਪ੍ਰੀਖਿਆ ‘ਚੋਂ 184ਵਾਂ ਰੈਂਕ ਹਾਸਲ ਕੀਤਾ ਹੈ। ਪ੍ਰੀਖਿਆ ‘ਚ ਮਿਲੇ ਰੈਂਕ ਮੁਤਾਬਿਕ ਅਰੂਸ਼ੀ ਦਾ IPS ਬਣਨਾ ਤੈਅ ਹੈ। ਨਤੀਜੇ ਆਉਣ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਰੂਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਗੋਲ ‘ਤੇ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਿਯਮ ਰੱਖਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ, ਫਿਰ ਹੀ ਕਾਮਯਾਬੀ ਹਾਸਿਲ ਹੁੰਦੀ ਹੈ।