Ludhiana By-Election: ਲੁਧਿਆਣਾ ਯੂਨਿਟ ਨੇ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2,400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਸ਼ੂ ਨੂੰ ਸੰਮਨ ਭੇਜਿਆ ਹੈ।
Summons to Bharat Bhushan Ashu: ਲੁਧਿਆਣਾ ਪੱਛਮੀ ਹਲਕੇ ‘ਚ ਹੋਣ ਵਾਲੀ ਜ਼ਿਮਣੀ ਚੋਣਾਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਵਿਭਾਗ ਨੇ ਅੱਜ ਪੇਸ਼ ਹੋਣ ਲਈ ਸੰਮਨ ਭੇਜੇ ਹਨ।
ਲੁਧਿਆਣਾ ਵਿੱਚ 19 ਜੂਨ ਨੂੰ ਹੋਣ ਵਾਲੀਆਂ ਜ਼ਿਮਣੀ ਚੋਣਾਂ ਤੋਂ ਪਹਿਲਾਂ, ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਸੰਮਨ ਭੇਜੇ ਹਨ। ਦਰਅਸਲ, ਲੁਧਿਆਣਾ ਯੂਨਿਟ ਨੇ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2,400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਸ਼ੂ ਨੂੰ ਸੰਮਨ ਭੇਜਿਆ ਹੈ।
ਡੀਐਸਪੀ ਵਿਨੋਦ ਕੁਮਾਰ ਵੱਲੋਂ 4 ਜੂਨ ਨੂੰ ਜਾਰੀ ਕੀਤੇ ਗਏ ਸੰਮਨ ਵਿੱਚ, ਆਸ਼ੂ ਨੂੰ ਸ਼ੁੱਕਰਵਾਰ, 6 ਜੂਨ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਸੂਤਰਾਂ ਮੁਤਾਬਕ, ਇਹ ਮਾਮਲਾ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਨਾਲ ਸਬੰਧਤ ਵਿਵਾਦ ਨਾਲ ਸਬੰਧਤ ਹੈ। ਹਾਲਾਂਕਿ, ਇਸ ਪੂਰੀ ਘਟਨਾ ‘ਤੇ ਭਾਰਤ ਭੂਸ਼ਣ ਆਸ਼ੂ ਦਾ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਸੰਮਨ ਨੇ ਉਪ ਚੋਣ ਤੋਂ ਠੀਕ ਪਹਿਲਾਂ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ।
ਦੱਸ ਦਈਏ ਕਿ ਮਾਮਲਾ 8 ਜਨਵਰੀ, 2025 ਦਾ ਹੈ, ਜਦੋਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 420 (ਧੋਖਾਧੜੀ), 120-ਬੀ (ਅਪਰਾਧਿਕ ਸਾਜ਼ਿਸ਼), 467, 468, 471 (ਜਾਅਲਸਾਜ਼ੀ) ਅਤੇ 409 (ਅਪਰਾਧਿਕ ਵਿਸ਼ਵਾਸਘਾਤ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।
ਆਸ਼ੂ ‘ਤੇ ਪਹਿਲਾਂ ਵੀ ਲੱਗੇ ਇਹ ਇਲਜ਼ਾਮ
ਆਸ਼ੂ ਪਿਛਲੀ ਸੂਬਾ ਸਰਕਾਰ ਕਾਂਗਰਸ ਦੌਰਾਨ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸੀ। 2022 ਦੇ 2,000 ਕਰੋੜ ਰੁਪਏ ਦੇ ਅਨਾਜ ਟਰਾਂਸਪੋਰਟ ਟੈਂਡਰ ਘੁਟਾਲੇ ‘ਚ ਫਸੇ ਹੋਏ ਸੀ। ਉਨ੍ਹਾਂ ‘ਤੇ ਜਾਅਲੀ ਵਾਹਨ ਰਜਿਸਟ੍ਰੇਸ਼ਨ ਜਮ੍ਹਾਂ ਕਰਵਾਉਣ ਵਾਲੇ ਧੋਖੇਬਾਜ਼ ਠੇਕੇਦਾਰਾਂ ਨੂੰ ਠੇਕੇ ਦੇਣ, ਟਰਾਂਸਪੋਰਟ ਨੰਬਰ ਵਧਾਉਣ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਸੀ। ਉਨ੍ਹਾਂ ਨੂੰ ਅਗਸਤ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਦਸੰਬਰ 2024 ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਸ਼ੂ ਵਿਰੁੱਧ ਦਰਜ ਦੋਵੇਂ ਅਪਰਾਧਿਕ ਮਾਮਲਿਆਂ ਨੂੰ ਖਾਰਜ ਕਰ ਦਿੱਤਾ। ਇੱਕ ਐਫਆਈਆਰ 16 ਅਗਸਤ, 2022 ਨੂੰ ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੀ ਗਈ ਸੀ, ਜਦੋਂ ਕਿ ਦੂਜੀ ਐਫਆਈਆਰ 22 ਸਤੰਬਰ, 2022 ਨੂੰ ਜਲੰਧਰ ਵਿੱਚ ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੀ ਗਈ ਸੀ।