US President Donald Trump: ਡੋਨਾਲਡ ਟਰੰਪ ਨੇ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਰਮਾਣੂ ਯੁੱਧ ਟਾਲਿਆ ਹੈ।
Ceasefire between India and Pakistan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਜੰਗਬੰਦੀ ਕਰਵਾਉਣ ਵਿੱਚ ਮਦਦ ਕੀਤੀ। ਅਜਿਹਾ ਕਰਕੇ, ਉਨ੍ਹਾਂ ਨੇ ਇੱਕ ਸੰਭਾਵੀ ਪਰਮਾਣੂ ਟਕਰਾਅ ਨੂੰ ਰੋਕਿਆ। ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਦਫ਼ਤਰ ਵਿੱਚ ਐਲੋਨ ਮਸਕ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਟਰੰਪ ਨੇ ਕਿਹਾ, ‘ਅਸੀਂ ਭਾਰਤ ਅਤੇ ਪਾਕਿਸਤਾਨ ਨੂੰ ਲੜਨ ਤੋਂ ਰੋਕਿਆ। ਮੇਰਾ ਮੰਨਣਾ ਹੈ ਕਿ ਇਹ ਇੱਕ ਪਰਮਾਣੂ ਯੁੱਧ ਵਿੱਚ ਬਦਲ ਸਕਦਾ ਸੀ।’
ਟਰੰਪ ਨੇ ਕਿਹਾ ਕਿ ਉਹ ਭਾਰਤ ਦੇ ਨੇਤਾਵਾਂ, ਪਾਕਿਸਤਾਨ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵਪਾਰ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਕਾਰੋਬਾਰ ਨਹੀਂ ਕਰ ਸਕਦੇ ਜੋ ਇੱਕ ਦੂਜੇ ‘ਤੇ ਗੋਲੀਬਾਰੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਹੈ।
ਟਰੰਪ ਨੇ ਫਿਰ ਕੀਤੀ ਜੰਗਬੰਦੀ ਦਾ ਸਿਹਰਾ ਲੈਣ ਦੀ ਕੋਸ਼ਿਸ਼
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਨੇਤਾ ‘ਮਹਾਨ’ ਹਨ ਅਤੇ ‘ਉਨ੍ਹਾਂ ਨੇ ਸਿਆਣਪ ਦਿਖਾਈ ਅਤੇ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਇਹ ਸਭ ਰੁਕ ਗਿਆ।’ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਉਣ ਦਾ ਦਾਅਵਾ ਕੀਤਾ ਹੈ। ਉਹ ਪਹਿਲਾਂ ਵੀ ਕਈ ਵਾਰ ਇਹ ਦਾਅਵਾ ਕਰ ਚੁੱਕੇ ਹਨ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਨੂੰ ਭਾਰਤ ਨੇ ਰੱਦ ਕਰ ਦਿੱਤਾ ਸੀ।
ਭਾਰਤ ਨੇ ਤੀਜੀ ਧਿਰ ਦੇ ਦਾਅਵੇ ਨੂੰ ਕੀਤਾ ਰੱਦ
ਭਾਰਤੀ ਵਿਦੇਸ਼ ਮੰਤਰਾਲੇ ਨੇ ਜੰਗਬੰਦੀ ‘ਤੇ ਸਪੱਸ਼ਟ ਕੀਤਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਅਤੇ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੋਇਆ ਹੈ। ਜੰਗਬੰਦੀ ਦੀ ਮੰਗ ਪਾਕਿਸਤਾਨ ਦੇ ਡੀਜੀਐਮਓ ਵੱਲੋਂ ਕੀਤੀ ਗਈ ਸੀ। ਦੋਵਾਂ ਦੇਸ਼ਾਂ ਦੇ ਡੀਜੀਐਮਓਜ਼ ਵਿਚਕਾਰ ਗੱਲਬਾਤ ਤੋਂ ਬਾਅਦ ਜੰਗਬੰਦੀ ‘ਤੇ ਸਹਿਮਤੀ ਬਣੀ ਸੀ।
ਟਰੰਪ ਨੇ 8 ਵਾਰ ਕੀਤਾ ਇਹ ਦਾਅਵਾ
ਦੱਸ ਦਈਏ ਕਿ ਡੋਨਾਲਡ ਟਰੰਪ ਹੁਣ ਤੱਕ ਲਗਭਗ 8 ਵਾਰ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਪ੍ਰਮਾਣੂ ਟਕਰਾਅ ਨੂੰ ਰੋਕਣ ਲਈ ਕੰਮ ਕੀਤਾ ਹੈ। ਹਾਲ ਹੀ ਵਿੱਚ, ਸਾਊਦੀ ਅਰਬ-ਅਮਰੀਕਾ ਨਿਵੇਸ਼ ਫੋਰਮ ਵਿੱਚ, ਟਰੰਪ ਨੇ ਕਿਹਾ ਕਿ ਉਸ ਟਕਰਾਅ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਸੀ, ਜੋ ਕਿ ਛੋਟੇ ਪੱਧਰ ‘ਤੇ ਸ਼ੁਰੂ ਹੋਇਆ ਸੀ, ਪਰ ਦਿਨੋ-ਦਿਨ ਵਧਦਾ ਰਿਹਾ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਵਪਾਰ ਕੂਟਨੀਤੀ ਦੇ ਤਹਿਤ ਹੱਲ ਕਰਨ ਦਾ ਸਿਹਰਾ ਆਪਣੇ ਪ੍ਰਸ਼ਾਸਨ ਨੂੰ ਦਿੱਤਾ।