Chennai Super Kings vs Delhi Capitals: IPL 2025 ‘ਚ ਦਿੱਲੀ ਕੈਪੀਟਲਸ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ, ਉਥੇ ਹੀ ਦੂਜੇ ਪਾਸੇ 5 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਖਰਾਬ ਦੌਰ ਜਾਰੀ ਹੈ। ਚੇਨਈ ਦੇ ਚੇਪੌਕ ਸਟੇਡੀਅਮ ‘ਚ ਸ਼ਨੀਵਾਰ 5 ਅਪ੍ਰੈਲ ਨੂੰ ਖੇਡੇ ਗਏ 17ਵੇਂ ਮੈਚ ‘ਚ ਦਿੱਲੀ ਕੈਪੀਟਲਸ ਨੇ ਆਲਰਾਊਂਡਰ ਪ੍ਰਦਰਸ਼ਨ ਨਾਲ ਚੇਨਈ ਸੁਪਰ ਕਿੰਗਜ਼ ਨੂੰ 25 ਦੌੜਾਂ ਨਾਲ ਹਰਾਇਆ। ਇਸ ਨਾਲ ਦਿੱਲੀ ਨੇ ਇਸ ਸੀਜ਼ਨ ‘ਚ ਜਿੱਤਾਂ ਦੀ ਹੈਟ੍ਰਿਕ ਲਗਾ ਕੇ ਅੰਕ ਸੂਚੀ ‘ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਚੇਨਈ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਮੈਚ ਇਸ ਲਈ ਵੀ ਖਾਸ ਸੀ ਕਿਉਂਕਿ ਪਹਿਲੀ ਵਾਰ ਧੋਨੀ ਦੇ ਮਾਤਾ-ਪਿਤਾ ਉਨ੍ਹਾਂ ਨੂੰ ਦੇਖਣ ਸਟੇਡੀਅਮ ‘ਚ ਆਏ ਸਨ ਪਰ ਧੋਨੀ ਉਨ੍ਹਾਂ ਦੇ ਸਾਹਮਣੇ ਟੀਮ ਲਈ ਮੈਚ ਖਤਮ ਨਹੀਂ ਕਰ ਸਕੇ। ਨਾਲ ਹੀ
ਦਿੱਲੀ ਨੇ ਚੇਪੌਕ ਵਿੱਚ 15 ਸਾਲ ਬਾਅਦ ਪਹਿਲੀ ਵਾਰ ਚੇਨਈ ਨੂੰ ਹਰਾਇਆ।
ਚੇਪੌਕ ‘ਚ ਖੇਡੇ ਗਏ ਇਸ ਮੈਚ ‘ਚ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 183 ਦੌੜਾਂ ਬਣਾਈਆਂ। ਦਿੱਲੀ ਲਈ ਇਸ ਦੇ ਨਵੇਂ ਸਟਾਰ ਕੇਐਲ ਰਾਹੁਲ ਨੂੰ ਇਸ ਵਾਰ ਓਪਨਿੰਗ ਕਰਨੀ ਪਈ ਕਿਉਂਕਿ ਫਾਫ ਡੂ ਪਲੇਸਿਸ ਸੱਟ ਕਾਰਨ ਬਾਹਰ ਹੋ ਗਿਆ ਸੀ। ਰਾਹੁਲ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਮੁਸ਼ਕਲ ਹਾਲਾਤਾਂ ‘ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸ ਨੇ ਸਿਰਫ਼ 51 ਗੇਂਦਾਂ ‘ਤੇ 77 ਦੌੜਾਂ ਦੀ ਅਹਿਮ ਪਾਰੀ ਖੇਡੀ। ਉਸ ਤੋਂ ਇਲਾਵਾ ਅਭਿਸ਼ੇਕ ਪੋਰੇਲ ਨੇ ਤੇਜ਼ 33 ਦੌੜਾਂ ਬਣਾਈਆਂ, ਜਦਕਿ ਟ੍ਰਿਸਟਨ ਸਟੱਬਸ, ਕਪਤਾਨ ਅਕਸ਼ਰ ਪਟੇਲ ਅਤੇ ਸਮੀਰ ਰਿਜ਼ਵੀ ਨੇ ਵੀ ਅਹਿਮ ਯੋਗਦਾਨ ਪਾਇਆ।
ਚੇਨਈ ਦੇ ਪਿਛਲੇ 6 ਸਾਲਾਂ ਦੇ ਰਿਕਾਰਡ ਨੂੰ ਦੇਖਦੇ ਹੋਏ ਇਹ ਟੀਚਾ ਮੁਸ਼ਕਿਲ ਲੱਗ ਰਿਹਾ ਸੀ। 2019 ਤੋਂ, ਚੇਨਈ ਨੇ ਆਈਪੀਐਲ ਵਿੱਚ 180 ਦੌੜਾਂ ਤੋਂ ਵੱਧ ਦਾ ਟੀਚਾ ਹਾਸਲ ਨਹੀਂ ਕੀਤਾ ਹੈ। ਇਹ ਸਿਲਸਿਲਾ ਇਸ ਵਾਰ ਵੀ ਜਾਰੀ ਰਿਹਾ। ਪਾਵਰਪਲੇ ‘ਚ ਇਕ ਵਾਰ ਫਿਰ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਨਵੀਂ ਓਪਨਿੰਗ ਜੋੜੀ ਵੀ ਕੁਝ ਕਮਾਲ ਨਹੀਂ ਕਰ ਸਕੀ। ਟੀਮ ਨੇ ਸਿਰਫ 6 ਓਵਰਾਂ ‘ਚ 3 ਵਿਕਟਾਂ ਗੁਆ ਦਿੱਤੀਆਂ ਸਨ, ਜੋ 11ਵੇਂ ਓਵਰ ਤੱਕ 5 ਵਿਕਟਾਂ ਹੋ ਗਈਆਂ, ਜਦਕਿ ਸਕੋਰ ਸਿਰਫ 74 ਦੌੜਾਂ ਸੀ। ਚੇਨਈ ਦਾ ਹਰ ਬੱਲੇਬਾਜ਼ ਦੌੜਾਂ ਲਈ ਸੰਘਰਸ਼ ਕਰਦਾ ਰਿਹਾ ਅਤੇ ਇਸ ਦਾ ਸਭ ਤੋਂ ਵੱਡਾ ਨਜ਼ਾਰਾ ਧੋਨੀ ਅਤੇ ਵਿਜੇ ਸ਼ੰਕਰ ਦੀ ਸਾਂਝੇਦਾਰੀ ‘ਚ ਦੇਖਣ ਨੂੰ ਮਿਲਿਆ।
ਤੀਜੇ ਓਵਰ ‘ਚ ਕ੍ਰੀਜ਼ ‘ਤੇ ਆਏ ਵਿਜੇ ਸ਼ੰਕਰ ਪਹਿਲੀ ਹੀ ਗੇਂਦ ਤੋਂ ਦੌੜਾਂ ਲਈ ਸੰਘਰਸ਼ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੇ ਬੱਲੇ ਤੋਂ ਕੋਈ ਵੱਡਾ ਸ਼ਾਟ ਨਹੀਂ ਨਿਕਲਿਆ। ਇਸ ਦੌਰਾਨ ਉਸ ਨੂੰ ਤਿੰਨ ਵਾਰ ਜੀਵਨ ਦਾ ਤੋਹਫ਼ਾ ਵੀ ਮਿਲਿਆ। ਫਿਰ ਐਮਐਸ ਧੋਨੀ ਨੇ 11ਵੇਂ ਓਵਰ ਵਿੱਚ ਐਂਟਰੀ ਕੀਤੀ, ਜਿਸ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਜਲਦੀ ਬੱਲੇਬਾਜ਼ੀ ਲਈ ਆਉਣਾ ਚਾਹੀਦਾ ਹੈ। ਪਰ ਇਹ ਦੋਵੇਂ ਬੱਲੇਬਾਜ਼ ਮਿਲ ਕੇ ਟੀਮ ਨੂੰ ਲੋੜੀਂਦੀ ਰਫ਼ਤਾਰ ਨਹੀਂ ਦਿਵਾ ਸਕੇ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਧੋਨੀ ਆਪਣੇ ਮਾਤਾ-ਪਿਤਾ ਦੇ ਸਾਹਮਣੇ ਮੈਚ ਖਤਮ ਕਰ ਦੇਣਗੇ ਪਰ ਅਜਿਹਾ ਨਹੀਂ ਹੋਇਆ ਅਤੇ ਚੇਨਈ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 158 ਦੌੜਾਂ ਹੀ ਬਣਾ ਸਕੀ। ਧੋਨੀ ਅਤੇ ਸ਼ੰਕਰ ਨੇ 84 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ‘ਚ 57 ਗੇਂਦਾਂ ਲੱਗੀਆਂ, ਜੋ ਜਿੱਤ ਲਈ ਕਾਫੀ ਨਹੀਂ ਸੀ।