Punjab News: ਵਰਲਡ ਸਿੱਖ ਚੈਂਬਰ ਆਫ਼ ਕਾਮਰਜ ਦੇ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦਾ ਸਿਰੋਪਾਓ, ਸ੍ਰੀ ਸਾਹਿਬ ਅਤੇ ਫੁੱਲਾਂ ਦਾ ਸਿਹਰਾ ਦੇ ਕੇ ਸਨਮਾਨ ਕੀਤਾ। ਇਸ ਵਫਦ ਵਿੱਚ ਭਾਰਤ ਦੇ ਦਸ ਵੱਖ-ਵੱਖ ਸੂਬਿਆਂ ਤੋਂ 30 ਤੋਂ ਵੱਧ ਵਰਲਡ ਸਿੱਖ ਚੈਂਬਰ ਆਫ਼ ਕਾਮਰਜ ਦੇ ਮੈਂਬਰ ਸ਼ਾਮਲ ਸਨ। ਵਫਦ ਵੱਲੋਂ ਇਸ ਮੌਕੇ ਹਾਜ਼ਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਨੂੰ ਵੀ ਸਿਰੋਪਾਓ ਅਤੇ ਫੁੱਲਾਂ ਦੇ ਸਿਹਰੇ ਨਾਲ ਸਨਮਾਨ ਕੀਤਾ ਗਿਆ।
ਵਫਦ ਵੱਲੋਂ ਮੁਲਾਕਾਤ ਦੌਰਾਨ ਪੰਥਕ ਅਤੇ ਕੌਮੀ ਸਰੋਕਾਰਾਂ ਨਾਲ ਜੁੜੇ ਕੁਝ ਸੁਝਾਅ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੇ ਗਏ ਕਿ ਸਿੱਖ ਸ਼ਕਤੀ ਨੂੰ ਇਕਜੁੱਟ ਕਰਕੇ ਸਾਰਥਕ ਢੰਗ ਨਾਲ ਕੌਮ ਦੇ ਭਵਿੱਖ ਅਤੇ ਲੋੜਵੰਦਾਂ ਦੀ ਭਲਾਈ ਲਈ ਲਗਾਇਆ ਜਾ ਸਕੇ। ਵਫਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਵੀ ਆਖਿਆ ਅਤੇ ਇਸ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਵਫਦ ਵੱਲੋਂ ਇੱਕ ਸੁਤੰਤਰ ਸਿੱਖ ਐਜੂਕੇਸ਼ਨ ਬੋਰਡ ਦੀ ਸਥਾਪਨਾ ਦਾ ਸੁਝਾਅ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਪੰਥਕ ਇਕਜੁੱਟਤਾ ਅਤੇ ਕੌਮ ਵੱਲੋਂ ਸਾਰਥਕ ਢੰਗ ਨਾਲ ਲੰਗਰ ਲਗਾਉਣ ਉੱਤੇ ਸ਼ਕਤੀ ਤੇ ਸਾਧਨ ਖਰਚ ਕਰਨ ਸਬੰਧੀ ਵੀ ਵਿਚਾਰਾਂ ਹੋਈਆਂ।
ਵਰਲਡ ਸਿੱਖ ਚੈਂਬਰ ਆਫ਼ ਕਾਮਰਜ ਦੇ ਪ੍ਰਧਾਨ ਪਰਮੀਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਨਾਲ ਇਹ ਮੁਲਾਕਾਤ ਸਿੱਖ ਸ਼ਕਤੀ ਨੂੰ ਸਮੂਹਿਕ ਰੂਪ ਵਿੱਚ ਸਮਰੱਥ ਬਣਾਉਣ ਅਤੇ ਪ੍ਰਗਤੀਸ਼ੀਲ ਪੰਥਕ ਇਕਜੁੱਟਤਾ ਲਈ ਇਤਿਹਾਸਕ ਰਹੀ। ਉਨ੍ਹਾਂ ਭਵਿੱਖ ਵਿੱਚ ਸੰਯੁਕਤ ਉਪਰਾਲਿਆਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਮੁਲਾਕਾਤ ਦੌਰਾਨ ਜਥੇਦਾਰ ਗੜਗੱਜ ਨੇ ਨੋਟਿਸ ਕੀਤਾ ਕਿ ਵਫਦ ਦੇ ਕੁਝ ਮੈਂਬਰਾਂ ਨੇ ਸਰਬਲੋਹ ਦੇ ਕੜੇ ਨਹੀਂ ਪਾਏ ਹੋਏ ਸਨ, ਜਿਸ ਸਬੰਧੀ ਉਨ੍ਹਾਂ ਨੇ ਮੌਕੇ ਉੱਤੇ ਹੀ ਕੜੇ ਮੰਗਵਾ ਕੇ ਆਪ ਵਫਦ ਮੈਂਬਰਾਂ ਨੂੰ ਕੜੇ ਪਾਏ ਅਤੇ ਅੰਮ੍ਰਿਤ ਛਕ ਕੇ ਪੰਜ ਕਕਾਰਾਂ ਦੇ ਧਾਰਨੀ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਜਥੇਦਾਰ ਗੜਗੱਜ ਨੇ ਇਸ ਗੱਲੋਂ ਸੰਟੁਸ਼ਟੀ ਪ੍ਰਗਟਾਈ ਕਿ ਵਫਦ ਦੇ ਸਾਰੇ ਮੈਂਬਰ ਸਾਬਤ ਸੂਰਤ ਸਨ, ਇਸ ਲਈ ਉਨ੍ਹਾਂ ਨੇ ਸਿੱਖ ਪਛਾਣ ਨੂੰ ਵਿਸ਼ਵ ਭਰ ਵਿੱਚ ਉੱਚਾ ਚੁੱਕਣ ਲਈ ਪ੍ਰੇਰਣਾ ਦਿੱਤੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਜਾ ਆਰਥਿਕ ਤੌਰ ਉੱਤੇ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਗੁਰੂ ਸਿਧਾਂਤ ਅਨੁਸਾਰ ਕੌਮ ਦੇ ਲੋੜਵੰਦਾਂ ਦੀ ਮਦਦ ਵੀ ਕਰਨੀ ਉਤਨੀ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਖ ਧਨਾਢ ਹੋਵੇ ਤਾਂ ਉਸ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਵਰਗੀ ਕੁਰਬਾਨੀ ਦੀ ਭਾਵਨਾ ਹੋਵੇ ਜਿਨ੍ਹਾਂ ਨੇ ਲੋੜ ਪੈਣ ਉੱਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਆਪਣੇ ਘਰ ਨੂੰ ਵੀ ਅਗਨ ਭੇਟ ਕਰ ਦਿੱਤਾ ਸੀ। ਉਨ੍ਹਾਂ ਅਰਦਾਸ ਕੀਤੀ ਕਿ ਸਿੱਖ ਤਰੱਕੀ ਕਰਨ ਅਤੇ ਵਿਸ਼ਵ ਭਰ ਵਿੱਚ ਕਾਮਯਾਬ ਹੋਣ ਪਰ ਗੁਰੂ ਸਾਹਿਬ ਦੀ ਭੈਅ ਭਾਵਨੀ ਉਨ੍ਹਾਂ ਅੰਦਰ ਹਮੇਸ਼ਾ ਕਾਇਮ ਰਹੇ।