Marathon Runner Fauja Singh’s Funeral: 14 ਜੁਲਾਈ ਨੂੰ ਜਲੰਧਰ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਬਿਆਸ ਪਿੰਡ ਵਿੱਚ ਕੀਤਾ ਜਾਵੇਗਾ।
Last Rites of Great Runner Fuja Singh: ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ (114) ਦਾ ਅੱਜ ਦੁਪਹਿਰ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਪੰਜਾਬ ਦੇ ਜਲੰਧਰ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। 114 ਸਾਲਾ ਐਥਲੀਟ ਫੌਜਾ ਸਿੰਘ ਨੂੰ ਆਪਣੇ ਘਰ ਤੋਂ 120 ਮੀਟਰ ਦੀ ਦੂਰੀ ‘ਤੇ ਹਾਈਵੇਅ ‘ਤੇ ਫਾਰਚੂਨਰ ਸਵਾਰ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ (27) ਨੇ ਟੱਕਰ ਮਾਰ ਦਿੱਤੀ ਸੀ। ਇਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਜਲੰਧਰ ਦਿਹਾਤੀ ਪੁਲਿਸ ਨੇ ਹਾਦਸੇ ਤੋਂ 30 ਘੰਟੇ ਬਾਅਦ ਭੋਗਪੁਰ ਨੇੜੇ ਫਾਰਚੂਨਰ (PB20C-7100) ਅਤੇ ਕਪੂਰਥਲਾ ਤੋਂ ਐਨਆਰਆਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।
ਅੰਤਿਮ ਸਸਕਾਰ ‘ਚ 6 ਦਿਨ ਦੀ ਦੇਰੀ ਕਿਉਂ
ਫੌਜਾ ਸਿੰਘ ਦਾ ਦੇਹਾਂਤ 14 ਜੁਲਾਈ ਨੂੰ ਹੋਇਆ ਸੀ। ਹੁਣ ਉਨ੍ਹਾਂ ਦਾ ਅੰਤਿਮ ਸਸਕਾਰ 6ਵੇਂ ਦਿਨ ਕੀਤਾ ਜਾ ਰਿਹਾ ਹੈ। ਦਰਅਸਲ, ਫੌਜਾ ਸਿੰਘ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ। ਉਹ ਸਾਰੇ ਪਿੰਡ ਨਹੀਂ ਪਹੁੰਚ ਸਕੇ। ਇਸ ਕਾਰਨ ਅੰਤਿਮ ਸਸਕਾਰ ਵਿੱਚ ਦੇਰੀ ਹੋਈ। ਜਾਣਕਾਰੀ ਮੁਤਾਬਕ ਫੌਜਾ ਸਿੰਘ ਦੀ ਭੈਣ, ਧੀ ਅਤੇ ਵੱਡਾ ਪੁੱਤਰ ਸ਼ਨੀਵਾਰ ਨੂੰ ਆਪਣੇ ਪਰਿਵਾਰ ਨਾਲ ਪਿੰਡ ਆਏ ਹਨ।
ਫੌਜਾ ਸਿੰਘ ਦਾ ਵੱਡਾ ਪੁੱਤਰ ਸੁਖਜਿੰਦਰ ਸਿੰਘ ਵੀ ਇੰਗਲੈਂਡ ਤੋਂ ਪਿੰਡ ਪਹੁੰਚਿਆ ਹੈ। ਫੌਜਾ ਸਿੰਘ ਦੀ ਦੇਹ ਐਤਵਾਰ ਸਵੇਰੇ 8 ਵਜੇ ਪਿੰਡ ਲਿਜਾਈ ਜਾਵੇਗੀ। ਅੰਤਿਮ ਦਰਸ਼ਨ ਪ੍ਰੋਗਰਾਮ ਤੋਂ ਬਾਅਦ ਦੁਪਹਿਰ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕਾਂ ਸਮੇਤ ਬਹੁਤ ਸਾਰੇ ਲੋਕ ਮੌਜੂਦ ਰਹੀ ਸਕਦੇ ਹਨ।
20 ਕਿਲੋਮੀਟਰ ਦੀ ਸੀ ਫੌਜਾ ਦੀ ਪਹਿਲੀ ਦੌੜ
ਫੌਜਾ ਸਿੰਘ ਦੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬਹੁਤ ਚੰਗੇ ਇਨਸਾਨ ਸੀ। ਉਨ੍ਹਾਂ ਦੀ ਮਾਂ ਦਾ 1992 ਵਿੱਚ ਦੇਹਾਂਤ ਹੋ ਗਿਆ। ਫਿਰ 1993 ਵਿੱਚ ਉਸਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਉਸਦੇ ਪਿਤਾ ਦੀ ਪਹਿਲੀ ਦੌੜ 20 ਕਿਲੋਮੀਟਰ ਦੀ ਸੀ।