TMC ‘ਚ ਅੰਦਰੂਨੀ ਕਲੇਸ਼ ਜਗ-ਜ਼ਾਹਿਰ: ਮੰਚ ‘ਤੇ ਹੀ ਸੰਸਦ ਮੈਂਬਰ ਕਲਿਆਣ ਬੈਨਰਜੀ ਨਾਲ ਭਿੜੀ ਮਮਤਾ, ਬੇਇੱਜ਼ਤੀ ਤੋਂ ਦੁਖੀ ਆਗੂ ਵਿਚਾਲੇ ਛੱਡ ਕੇ ਨਿਕਲੇ ਰੈਲੀ
ਕੋਲਕਾਤਾ:
ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਇੱਕ ਵਾਰ ਫਿਰ ਜਨਤਕ ਹੋ ਗਈ ਹੈ। ਕੋਲਕਾਤਾ ਵਿੱਚ ਬਿੜਲਾ ਤਾਰਾਮੰਡਲ ਨੇੜੇ ਆਯੋਜਿਤ ਪਾਰਟੀ ਦੀ ‘ਸ਼ਹੀਦ ਦਿਵਸ’ ਰੈਲੀ ਦੌਰਾਨ ਟੀਐੱਮਸੀ ਸੁਪਰੀਮੋ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਨੀਅਰ ਸੰਸਦ ਮੈਂਬਰ ਕਲਿਆਣ ਬੈਨਰਜੀ ਵਿਚਾਲੇ ਮੰਚ ‘ਤੇ ਹੀ ਤਿੱਖੀ ਬਹਿਸ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਸ਼੍ਰੀਰਾਮਪੁਰ ਤੋਂ ਸੰਸਦ ਮੈਂਬਰ ਕਲਿਆਣ ਬੈਨਰਜੀ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਬਾਹਰ ਨਿਕਲ ਗਏ।
ਸਾਢੇ 22 ਮਿੰਟ ਦੇ ਭਾਸ਼ਣ ਤੋਂ ਸ਼ੁਰੂ ਹੋਇਆ ਵਿਵਾਦ
ਨਿਊਜ਼ ਏਜੰਸੀ ਪੀ.ਟੀ.ਆਈ (PTI) ਮੁਤਾਬਕ, ਰੈਲੀ ਵਿੱਚ ਬੁਲਾਰਿਆਂ ਦੀ ਲੰਬੀ ਸੂਚੀ ਹੋਣ ਕਾਰਨ ਪਾਰਟੀ ਹਾਈਕਮਾਨ ਵੱਲੋਂ ਸਾਰੇ ਆਗੂਆਂ ਨੂੰ ਛੋਟੇ ਭਾਸ਼ਣ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਬਾਵਜੂਦ ਕਲਿਆਣ ਬੈਨਰਜੀ ਨੇ ਕਰੀਬ ਸਾਢੇ 22 ਮਿੰਟ ਤੱਕ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਵਿਰੋਧੀ ਧੜਿਆਂ ‘ਤੇ ਤਿੱਖੇ ਨਿਸ਼ਾਨੇ ਸਾਧੇ।
ਸੂਤਰਾਂ ਅਨੁਸਾਰ, ਜਦੋਂ ਉਹ ਬੋਲ ਰਹੇ ਸਨ ਤਾਂ ਮਮਤਾ ਬੈਨਰਜੀ ਅਤੇ ਕੁਣਾਤ ਘੋਸ਼ ਨੇ ਉਨ੍ਹਾਂ ਨੂੰ ਭਾਸ਼ਣ ਜਲਦੀ ਖ਼ਤਮ ਕਰਨ ਦਾ ਇਸ਼ਾਰਾ ਕੀਤਾ। ਭਾਸ਼ਣ ਖ਼ਤਮ ਹੁੰਦਿਆਂ ਹੀ ਦੇਰੀ ਨੂੰ ਲੈ ਕੇ ਮਮਤਾ ਬੈਨਰਜੀ ਨੇ ਜਨਤਕ ਤੌਰ ‘ਤੇ ਨਾਰਾਜ਼ਗੀ ਜਤਾਈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ।
“ਮੈਂ ਇਸ ਤਰ੍ਹਾਂ ਦੀ ਬੇਇੱਜ਼ਤੀ ਦਾ ਹੱਕਦਾਰ ਨਹੀਂ” – ਕਲਿਆਣ ਬੈਨਰਜੀ
ਮਮਤਾ ਬੈਨਰਜੀ ਦੇ ਰਵੱਈਏ ਤੋਂ ਦੁਖੀ ਹੋ ਕੇ ਕਲਿਆਣ ਬੈਨਰਜੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਮਮਤਾ ਬੈਨਰਜੀ ਦਾ ਮੁੱਖ ਸੰਬੋਧਨ ਸੁਣੇ ਬਿਨਾਂ ਹੀ ਮੰਚ ਛੱਡ ਕੇ ਬਾਹਰ ਚਲੇ ਗਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ, “ਮੈਂ ਆਪਣੇ ਤੈਅ ਸਮੇਂ ਤੋਂ ਜ਼ਿਆਦਾ ਨਹੀਂ ਬੋਲਿਆ। ਜਦੋਂ ਅਭਿਸ਼ੇਕ ਬੈਨਰਜੀ ਅਤੇ ਦੀਦੀ ਮੰਚ ‘ਤੇ ਆਏ, ਮੈਂ ਉਦੋਂ ਹੀ ਰੁਕਿਆ ਸੀ। ਪਾਰਟੀ ਲਈ ਲਗਾਤਾਰ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅਜਿਹਾ ਵਿਵਹਾਰ ਬਹੁਤ ਦੁਖਦਾਈ ਹੈ। ਮੈਂ ਇਸ ਤਰ੍ਹਾਂ ਦੀ ਬੇਇੱਜ਼ਤੀ ਦਾ ਹੱਕਦਾਰ ਨਹੀਂ ਹਾਂ।”
ਮਹੂਆ ਮੋਇਤਰਾ ਅਤੇ ਸਾਗਰਿਕਾ ਘੋਸ਼ ਸਣੇ ਕਈ ਆਗੂਆਂ ਦੇ ਭਾਸ਼ਣ ਰੱਦ
ਕਲਿਆਣ ਬੈਨਰਜੀ ਦੇ ਲੰਬੇ ਭਾਸ਼ਣ ਕਾਰਨ ਪ੍ਰਬੰਧਕਾਂ ਨੂੰ ਤੈਅ ਬੁਲਾਰਿਆਂ ਦੀ ਸੂਚੀ ਵਿੱਚੋਂ ਕਈ ਵੱਡੇ ਆਗੂਆਂ ਦੇ ਨਾਮ ਹਟਾਉਣੇ ਪਏ। ਇਸ ਕਾਰਨ ਲੋਕ ਸਭਾ ਸੰਸਦ ਮੈਂਬਰ ਮਹੂਆ ਮੋਇਤਰਾ, ਕੀਰਤੀ ਆਜ਼ਾਦ, ਰਾਜ ਸਭਾ ਸੰਸਦ ਮੈਂਬਰ ਡੋਲਾ ਸੇਨ, ਸਾਗਰਿਕਾ ਘੋਸ਼ ਅਤੇ ਰਾਜੀਵ ਕੁਮਾਰ ਵਰਗੇ ਦਿੱਗਜ ਨੇਤਾਵਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਸਕਿਆ।
ਜ਼ਿਕਰਯੋਗ ਹੈ ਕਿ ਕਲਿਆਣ ਬੈਨਰਜੀ ਇਸ ਤੋਂ ਪਹਿਲਾਂ ਵੀ ਪਾਰਟੀ ਦੇ ਅੰਦਰੂਨੀ ਕਾਨੂੰਨੀ ਪ੍ਰਤੀਨਿਧਤਾ ਦੇ ਮੁੱਦੇ ‘ਤੇ ਅਭਿਸ਼ੇਕ ਬੈਨਰਜੀ ਦੀ ਜਨਤਕ ਤੌਰ ‘ਤੇ ਆਲੋਚਨਾ ਕਰ ਚੁੱਕੇ ਹਨ।
“ਲੋੜ ਪਈ ਤਾਂ ਖ਼ੁਦ ਧਰਨੇ ‘ਤੇ ਬੈਠਾਂਗੀ” – ਦਿੱਲੀ CJP ਪ੍ਰਦਰਸ਼ਨ ‘ਤੇ ਮਮਤਾ ਦਾ ਬਿਆਨ
ਇਸੇ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ (CJP) ਦੇ ਅੰਦੋਲਨ ਦਾ ਖੁੱਲ੍ਹ ਕੇ ਸਮਰਥਨ ਕੀਤਾ। ਉਨ੍ਹਾਂ ਇੱਕ ਵੱਡਾ ਸਿਆਸੀ ਬਿਆਨ ਦਿੰਦਿਆਂ ਕਿਹਾ ਕਿ ਟੀਐੱਮਸੀ ਸ਼ੁਰੂ ਤੋਂ ਹੀ CJP ਦੇ ਇਸ ਪ੍ਰਦਰਸ਼ਨ ਦੇ ਨਾਲ ਹੈ। ਮਮਤਾ ਬੈਨਰਜੀ ਨੇ ਸਾਫ਼ ਕੀਤਾ ਕਿ ਜੇਕਰ ਲੋੜ ਪਈ ਤਾਂ ਉਹ ਖ਼ੁਦ ਦਿੱਲੀ ਜਾ ਕੇ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੀਆਂ।
