New Pamban Bridge: ਪ੍ਰਾਚੀਨ ਤਮਿਲ ਸੰਸਕ੍ਰਿਤੀ, ਸੱਭਿਅਤਾ ਤੇ ਤਮਿਲ ਇਤਿਹਾਸ ਨੂੰ ਦਰਸਾਉਣ ਵਾਲੇ ਅਤੇ ਸਮੁੰਦਰ ਦੇ ਪਾਣੀ ’ਚ ਬਣੇ ਦੇਸ਼ ਦੇ ਪਹਿਲੇ ਆਧੁਨਿਕ ਵਰਟੀਕਲ ‘ਪੰਬਨ’ ਲਿਫਟ ਪੁਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮਨੌਮੀ ਮੌਕੇ ਐਤਵਾਰ (6 ਅਪ੍ਰੈਲ) ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ’ਚ ਕਰਨਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਰਾਮੇਸ਼ਵਰਮ-ਤਾਂਬਰਮ (ਚੇਨਈ) ਨਵੀਂ ਰੇਲ ਸੇਵਾ ਤੇ ਇਕ ਜਹਾਜ਼ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਪੁਲ ਦੇ ਚਾਲੂ ਹੋਣ ਦੀ ਨਿਗਰਾਨੀ ਕਰਨਗੇ। ਇਸ ਤੋਂ ਬਾਅਦ ਉਹ ਰਾਮੇਸ਼ਵਰਮ ’ਚ ਰਾਮਨਾਥਸਵਾਮੀ ਮੰਦਰ ’ਚ ਦਰਸ਼ਨ ਤੇ ਪੂਜਾ ਕਰਨਗੇ। ਉਹ ਤਾਮਿਲਨਾਡੂ ’ਚ 8,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਰੇਲ ਤੇ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਨ੍ਹਾਂ ਪ੍ਰੋਜੈਕਟਾਂ ’ਚ ਐੱਨਐੱਚ-40 ਦੇ 28 ਕਿਲੋਮੀਟਰ ਲੰਬੇ ਵਾਲਾਜਾਪੇਟ-ਰਾਣੀਪੇਟ ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਤੇ ਐੱਨਐੱਚ-332 ਦੇ 29 ਕਿਲੋਮੀਟਰ ਲੰਬੇ ਵਿਲੁੱਪੁਰਮ-ਪੁਡੂਚੇਰੀ ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦਾ ਕੰਮ, ਐੱਨਐੱਚ-32 ਦਾ 57 ਕਿਲੋਮੀਟਰ ਲੰਬਾ ਪੂੰਡਿਅਨਕੁੱਪਮ-ਸੱਤਨਾਥਪੁਰਮ ਸੈਕਸ਼ਨ ਤੇ ਐੱਨਐੱਚ-36 ਦਾ 48 ਕਿਲੋਮੀਟਰ ਲੰਬਾ ਚੋਲਾਪੁਰਮ-ਤੰਜਾਵੁਰ ਸੈਕਸ਼ਨ ਸ਼ਾਮਲ ਹਨ।
ਇਹ ਰਾਜਮਾਰਗ ਕਈ ਤੀਰਥ ਸਥਾਨਾਂ ਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਜੋੜਣਗੇ, ਸ਼ਹਿਰਾਂ ਵਿਚਕਾਰਲੀ ਦੂਰੀ ਘਟਾਉਣਗੇ ਅਤੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ, ਬੰਦਰਗਾਹਾਂ ਤੱਕ ਤੇਜ਼ ਪਹੁੰਚ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਇਹ ਸਥਾਨਕ ਕਿਸਾਨਾਂ ਨੂੰ ਖੇਤੀਬਾੜੀ ਦੇ ਉਤਪਾਦਾਂ ਨੂੰ ਨੇੜਲੇ ਬਾਜ਼ਾਰਾਂ ਤੱਕ ਪਹੁੰਚਾਉਣ ਅਤੇ ਸਥਾਨਕ ਚਮੜਾ ਤੇ ਲਘੂ ਉਦਯੋਗਾਂ ਦੀ ਆਰਥਿਕ ਗਤੀਵਿਧੀ ਨੂੰ ਵਧਾਉਣ ’ਚ ਸਮਰੱਥ ਬਣਾਉਣਗੇ।