Pahalgam Terrorist Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਡਰ ਦਾ ਮਾਹੌਲ ਹੈ। ਸ੍ਰੀਨਗਰ ਦੇ ਗੁਰਦੁਆਰਾ ਸਾਹਿਬ ਨੇ ਸੈਲਾਨੀਆਂ ਨੂੰ ਮੁਫ਼ਤ ਰਿਹਾਇਸ਼, ਭੋਜਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ।
Srinagar’s Gurdwara Sahib: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਫੈਲ ਗਿਆ ਹੈ। ਪਰ ਸੰਕਟ ਦੀ ਇਸ ਘੜੀ ਵਿੱਚ, ਸ਼੍ਰੀਨਗਰ ਦਾ ਗੁਰਦੁਆਰਾ ਸਾਹਿਬ ਉਮੀਦ ਦੀ ਕਿਰਨ ਬਣ ਕੇ ਉੱਭਰਿਆ ਹੈ। ਸ੍ਰੀਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਜੋ ਵੀ ਸੈਲਾਨੀ ਗੁਰਦੁਆਰਾ ਸਾਹਿਬ ਵਿੱਚ ਠਹਿਰ ਰਹੇ ਹਨ ਜਾਂ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਆਵਾਜਾਈ, ਭੋਜਨ ਜਾਂ ਰਿਹਾਇਸ਼ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਗੁਰਦੁਆਰਾ ਸਾਹਿਬ ਹਰ ਲੋੜਵੰਦ ਵਿਅਕਤੀ ਦੀ ਸੇਵਾ ਲਈ 24 ਘੰਟੇ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਤੋਂ ਵਾਪਸ ਆਉਂਦੇ ਸਮੇਂ ਬਹੁਤ ਸਾਰੇ ਸੈਲਾਨੀ ਡਰ ਗਏ ਸੀ ਤੇ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਸੀ, ਅਜਿਹੀ ਸਥਿਤੀ ਵਿੱਚ ਗੁਰਦੁਆਰਾ ਸਾਹਿਬ ਨੇ ਉਨ੍ਹਾਂ ਦਾ ਸਾਥ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ‘ਸੇਵਾ’ ਅਤੇ ‘ਸਰਬੱਤ ਦਾ ਭਲਾ’ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਜਦੋਂ ਸੈਲਾਨੀ ਡਰੇ ਹੋਏ ਹਨ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹੀਏ। ਗੁਰਦੁਆਰਾ ਸਾਹਿਬ ਆਉਣ ਵਾਲੇ ਹਰੇਕ ਵਿਅਕਤੀ ਨੂੰ ਲੰਗਰ, ਰਿਹਾਇਸ਼ ਅਤੇ ਲੋੜ ਪੈਣ ‘ਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ, ਸਿਰਫ਼ ਸ੍ਰੀਨਗਰ ਹੀ ਨਹੀਂ ਸਗੋਂ ਜੰਮੂ ਵਿੱਚ ਵੀ ਕਈ ਗੁਰਦੁਆਰਿਆਂ ਨੇ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਹਰ ਕੋਨੇ ਤੋਂ ਆਉਣ ਵਾਲੇ ਸੈਲਾਨੀ ਇਸ ਹਮਲੇ ਤੋਂ ਬਹੁਤ ਡਰੇ ਹੋਏ ਹਨ। ਹਰ ਕੋਈ ਆਪਣੇ ਘਰ ਜਾਣਾ ਚਾਹੁੰਦਾ ਹੈ। ਬਹੁਤ ਸਾਰੇ ਲੋਕਾਂ ਨੇ ਭਵਿੱਖ ਦੀਆਂ ਤਾਰੀਖਾਂ ਲਈ ਬੁਕਿੰਗ ਕਰਵਾਈ ਹੈ। ਅਜਿਹੀ ਸਥਿਤੀ ਵਿੱਚ, ਲੋਕ ਜਨਤਕ ਆਵਾਜਾਈ ਉਪਲਬਧ ਹੋਣ ਤੱਕ ਸੁਰੱਖਿਅਤ ਜਗ੍ਹਾ ਦੀ ਭਾਲ ਵਿੱਚ ਹਨ। ਤੇ ਗੁਰਦੁਆਰਿਆਂ ਵਿੱਚ ਪਹਿਲਾਂ ਵਾਂਗ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।