America Dunki Route: ਪੰਕਜ ਦੇ ਪਰਿਵਾਰ ਨੂੰ 26 ਅਪ੍ਰੈਲ ਨੂੰ ਹੀ ਪਤਾ ਲੱਗਾ ਕਿ ਪੰਕਜ ਦੀ ਮੌਤ ਹੋ ਗਈ, ਪਰ ਪੈਸੇ ਦੀ ਘਾਟ ਕਾਰਨ ਉਹ ਉਸਦੀ ਲਾਸ਼ ਨੂੰ ਭਾਰਤ ਵਾਪਸ ਨਹੀਂ ਲਿਆ ਸਕੇ।
Online Funeral of Karnal’s Pankaj in USA: ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ 35 ਸਾਲਾਂ ਨੌਜਵਾਨ ਦੀ ਅਮਰੀਕਾ ਵਿੱਚ ਕੈਂਸਰ ਨਾਲ ਮੌਤ ਹੋ ਗਈ। ਆਰਥਿਕ ਤੰਗੀ ਕਾਰਨ ਉਸਦੀ ਲਾਸ਼ ਭਾਰਤ ਨਹੀਂ ਲਿਆਂਦੀ ਜਾ ਸਕੀ। ਮਜਬੂਰੀ ਕਾਰਨ ਪਰਿਵਾਰ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਅਮਰੀਕਾ ‘ਚ ਹੀ ਅੰਤਿਮ ਸਸਕਾਰ ਕਰਵਾਇਆ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਪੰਕਜ ਦੀਆਂ ਸਾਰੀਆਂ ਅੰਤਿਮ ਰਸਮਾਂ ਆਨਲਾਈਨ ਹੀ ਦੇਖੀਆਂ।
ਪਰਿਵਾਰ ਨੂੰ 26 ਅਪ੍ਰੈਲ ਨੂੰ ਹੀ ਪਤਾ ਲੱਗਾ ਕਿ ਪੰਕਜ ਦੀ ਮੌਤ ਹੋ ਗਈ, ਪਰ ਪੈਸੇ ਦੀ ਘਾਟ ਕਾਰਨ ਉਹ ਉਸਦੀ ਲਾਸ਼ ਨੂੰ ਭਾਰਤ ਵਾਪਸ ਨਹੀਂ ਲਿਆ ਸਕੇ। ਹੁਣ ਜਦੋਂ ਉਸਦਾ ਅਤਿਮ ਸੰਸਕਾਰ ਅਮਰੀਕਾ ਵਿੱਚ ਹੀ ਹੋਇਆ, ਤਾਂ ਪਰਿਵਾਰ ਹੁਣ ਉਸਦੀ ਅਸਥੀਆਂ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਉਹਨਾਂ ਨੂੰ ਗੰਗਾ ਵਿੱਚ ਵਿਸਰਜਿਤ ਕੀਤਾ ਜਾ ਸਕੇ।
ਪੰਕਜ ਦੀ ਪੂਰੀ ਕਹਾਣੀ
ਅਮਰੀਕਾ ਜਾਣ ਲਈ ਪੰਕਜ ਨੇ ਜ਼ਮੀਨ ਵੇਚ ਕੇ 40 ਲੱਖ ਇਕੱਠੇ ਕੀਤੇ, ਅਤੇ ਡੰਕੀ ਦਾ ਰਸਤਾ ਚੁਣਿਆ। ਪੰਕਜ ਕਰਨਾਲ ਦੇ ਨਾਰੂਖੇੜੀ ਪਿੰਡ ਦਾ ਰਹਿਣ ਵਾਲਾ ਸੀ, ਲਗਭਗ ਦੋ ਸਾਲ ਪਹਿਲਾਂ ਉਹ ਡੰਕੀ ਰਸਤੇ ਰਾਹੀਂ ਅਮਰੀਕਾ ਪਹੁੰਚਿਆ। ਪੰਕਜ ਦੇ ਛੋਟੇ ਭਰਾ ਮੋਨੂੰ ਮੁਤਾਬਕ, ਪੰਕਜ ਨੇ ਅਮਰੀਕਾ ਜਾਣ ਲਈ ਡੇਢ ਏਕੜ ਜ਼ਮੀਨ ਵੇਚ ਕੇ ਲਗਭਗ 40 ਲੱਖ ਰੁਪਏ ਇਕੱਠੇ ਕੀਤੇ। ਉਹ ਪਹਿਲਾਂ ਇੱਕ ਸਟੋਰ ਵਿੱਚ ਕੰਮ ਕਰਦਾ ਸੀ, ਬਾਅਦ ਵਿੱਚ ਉਹ ਟਰੱਕ ਡਰਾਈਵਰ ਬਣ ਗਿਆ।
ਅਮਰੀਕਾ ਵਿੱਚ, ਪੰਕਜ ਅਕਸਰ ਪੇਟ ਦਰਦ ਦੀ ਸ਼ਿਕਾਇਤ ਕਰਦਾ ਸੀ, ਪਰ ਕੰਮ ਦੇ ਦਬਾਅ ਕਾਰਨ, ਉਹ ਸਿਰਫ ਦਰਦ ਨਿਵਾਰਕ ਦਵਾਈਆਂ ਲੈ ਕੇ ਆਪਣੀ ਡਿਊਟੀ ਕਰਦਾ ਰਿਹਾ। ਲਗਭਗ ਦੋ ਮਹੀਨੇ ਪਹਿਲਾਂ, ਟਰੱਕ ਚਲਾਉਂਦੇ ਸਮੇਂ, ਉਸਨੂੰ ਦੁਬਾਰਾ ਤੇਜ਼ ਦਰਦ ਮਹਿਸੂਸ ਹੋਇਆ, ਇਸ ਲਈ ਉਸਨੂੰ ਕੈਲੀਫੋਰਨੀਆ ਦੇ ਫ੍ਰਿਸਕੋ ਸ਼ਹਿਰ ਦੇ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ।

ਇਲਾਜ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਪੰਕਜ ਨੂੰ ਕੈਂਸਰ ਹੈ ਅਤੇ ਇਹ ਆਖਰੀ ਸਟੇਜ ਵਿੱਚ ਹੈ। ਇਸ ਤੋਂ ਬਾਅਦ ਪੰਕਜ ਦੀ 25 ਅਪ੍ਰੈਲ ਨੂੰ ਹੀ ਮੌਤ ਹੋ ਗਈ। ਭਾਰਤ ਵਿੱਚ, ਪਰਿਵਾਰ ਨੂੰ 26 ਅਪ੍ਰੈਲ ਨੂੰ ਉਸਦੀ ਮੌਤ ਦੀ ਖ਼ਬਰ ਮਿਲੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਬੇਨਤੀ ਕੀਤੀ ਸੀ, ਪਰ ਕੋਈ ਮਦਦ ਨਹੀਂ ਮਿਲ ਸਕੀ। ਮਜਬੂਰੀ ਕਾਰਨ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕਰਨੇ ਪਏ।
ਮਾਂ, ਪਤਨੀ ਅਤੇ ਤਿੰਨ ਬੱਚਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਕਜ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਉਸਦੇ ਪਿਤਾ ਰਾਜਬੀਰ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਘਰ ਵਿੱਚ ਮਾਂ ਵਿਮਲਾ, ਪਤਨੀ ਰਿਤੂ, ਛੋਟਾ ਭਰਾ ਰੰਕਜ ਅਤੇ ਤਿੰਨ ਛੋਟੇ ਬੱਚੇ ਹਨ। ਛੋਟਾ ਭਰਾ ਖੇਤੀਬਾੜੀ ਕਰਦਾ ਹੈ ਅਤੇ ਅਜੇ ਵੀ ਅਣਵਿਆਹਿਆ ਹੈ। ਪੰਕਜ ਦੀ ਵੱਡੀ ਧੀ ਤੰਨੂ 7ਵੀਂ ਜਮਾਤ ਵਿੱਚ ਪੜ੍ਹਦੀ ਹੈ, ਛੋਟੀ ਧੀ ਮਾਨਵੀ ਚੌਥੀ ਜਮਾਤ ਵਿੱਚ ਪੜ੍ਹਦੀ ਹੈ ਅਤੇ ਪੁੱਤਰ ਅਯਾਨ ਦੂਜੀ ਜਮਾਤ ਵਿੱਚ ਪੜ੍ਹਦਾ ਹੈ।