ਸ੍ਰੀ ਮੁਕਤਸਰ ਸਾਹਿਬ ਰੇਲ ਟ੍ਰੈਕ ‘ਤੇ ਹਾਦਸਾ, ਦੋ ਵਿਅਕਤੀਆਂ ਦੀ ਮੌਤ
Accident on Railway Track: ਸ੍ਰੀ ਮੁਕਤਸਰ ਸਾਹਿਬ ਵਿਖੇ ਫਾਜ਼ਿਲਕਾ ਤੋਂ ਕੋਟਕਪੂਰਾ ਵੱਲ ਜਾ ਰਹੀ ਟ੍ਰੇਨ ਹੇਠ ਆਉਣ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਵਿਅਕਤੀ ਰੇਲਵੇ ਲਾਈਨਾਂ ‘ਤੇ ਸੁੱਤੇ ਹੋਏ ਸੀ।
Sri Muktsar Sahib: ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਤੋਂ ਫਾਜ਼ਿਲਕਾ ਵੱਲ ਜਾ ਰਹੀ ਤੇਜ਼ ਰਫ਼ਤਾਰ ਟ੍ਰੇਨ ਹੇਠ ਆਉਣ ਨਾਲ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਹਾਦਸਾ ਵੀਰਵਾਰ ਦੁਪਹਿਰ ਕਰੀਬ 1 ਵਜੇ ਸ੍ਰੀ ਮੁਕਤਸਰ ਸਾਹਿਬ ਰੇਲ ਟ੍ਰੈਕ ‘ਤੇ ਵਾਪਰਿਆ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਚਸ਼ਮਦੀਦਾਂ ਨੇ ਦੱਸਿਆ ਕਿ ਦੋਵੇਂ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਰੇਲਵੇ ਲਾਈਨਾਂ ਦੇ ਵਿਚਕਾਰ ਸੁੱਤੇ ਪਏ ਸੀ। ਜਿਸ ਕਰਕੇ ਦੋਵੇਂ ਟ੍ਰੇਨ ਦੀ ਚਪੇਟ ਵਿੱਚ ਆ ਗਏ। ਹਾਦਸੇ ਦੀ ਗੰਭੀਰਤਾ ਇਸ ਕਦਰ ਸੀ ਕਿ ਮੋਗਲੀ ਨਾਮਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮੋਹਨ ਲਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ, ਪਰ ਉੱਥੇ ਵੀ ਉਸਦੀ ਜ਼ਿੰਦਗੀ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਮਰਨ ਵਾਲਿਆਂ ਦੀ ਪਹਿਚਾਣ ਬੰਟੀ ਉਰਫ ਮੋਗਲੀ ਵਾਸੀ ਨਾਗਪਾਲ ਵਾਲੀ ਗਲੀ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਅਤੇ ਮੋਹਨ ਲਾਲ ਵਾਸੀ ਸੁਭਾਸ਼ ਬਸਤੀ ਮੁਕਤਸਰ ਵਜੋਂ ਹੋਈ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਦੋਂ ਮੋਹਨ ਲਾਲ ਨੂੰ ਟ੍ਰੇਨ ਨੇੜੇ ਆਉਣ ਦੀ ਆਹਟ ਹੋਈ ਤਾਂ ਉਸਨੇ ਮੋਗਲੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਕੋਸ਼ਿਸ਼ ਨਾਕਾਮ ਰਹੀ ਅਤੇ ਟ੍ਰੇਨ ਦੋਵਾਂ ਦੇ ਉੱਪਰੋਂ ਲੰਘ ਗਈ। ਉਧਰ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।