ਮੁੰਬਈ ਕਸਟਮ ਨੇ ਕੀਤਾ ਜੰਗਲੀ ਜੀਵਾਂ ਦੀ ਵੱਡੀ ਤਸਕਰੀ ਦਾ ਪਰਦਾਫਾਸ਼, 52 ਵਿਦੇਸ਼ੀ ਸੱਪ ਜ਼ਬਤ, ਬੈਂਕਾਕ ਤੋਂ ਆਇਆ ਯਾਤਰੀ ਗ੍ਰਿਫ਼ਤਾਰ
Wildlife Smuggling Bust: ਕਸਟਮ ਅਧਿਕਾਰੀਆਂ ਨੂੰ ਪਹਿਲਾਂ ਹੀ ਯਾਤਰੀ ‘ਤੇ ਸ਼ੱਕ ਸੀ। ਜਦੋਂ ਬੈਗ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਉਸ ਚੋਂ ਤਿੰਨ ਸਪਾਇਡਰ-ਟੇਲਡ ਹਾਰਨਡ ਵਾਈਪਰ, ਪੰਜ ਏਸ਼ੀਆਈ ਲੀਫ਼ ਕੱਛੂ ਤੇ 44 ਇੰਡੋਨੇਸ਼ੀਆਈ ਪਿਟ ਵਾਈਪਰ ਮਿਲੇ।
Mumbai Airport Custom Dept: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਕਸਟਮ ਅਧਿਕਾਰੀਆਂ ਨੇ ਇੱਕ ਯਾਤਰੀ ਨੂੰ ਫੜਿਆ ਜਿਸ ਕੋਲੋਂ ਹੈਰਾਨੀਜਨਕ ਚੀਜ਼ਾਂ ਬਰਾਮਦ ਹੋਈਆਂ। ਅਧਿਕਾਰੀਆਂ ਨੇ ਇੱਕ ਭਾਰਤੀ ਯਾਤਰੀ ਨੂੰ ਵਿਦੇਸ਼ੀ ਸੱਪਾਂ ਦੀ ਤਸਕਰੀ ਕਰਦੇ ਫੜਿਆ। ਇਹ ਯਾਤਰੀ ਥਾਈ ਏਅਰਵੇਜ਼ ਦੀ ਉਡਾਣ TG317 ਰਾਹੀਂ ਬੈਂਕਾਕ ਤੋਂ ਮੁੰਬਈ ਪਹੁੰਚਿਆ।
ਕਸਟਮ ਵਿਭਾਗ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਅਤੇ ਯਾਤਰੀ ਦੇ ਸ਼ੱਕੀ ਵਿਵਹਾਰ ਕਾਰਨ, ਉਸਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਜਾਂਚ ਦੌਰਾਨ, ਅਧਿਕਾਰੀਆਂ ਨੂੰ ਸੂਟਕੇਸ ਵਿੱਚ ਲੁਕੇ ਹੋਏ 52 ਜ਼ਿੰਦਾ ਸੱਪ ਮਿਲੇ।

ਦੁਰਲੱਭ ਪ੍ਰਜਾਤੀਆਂ ਦੇ ਸੱਪ ਸ਼ਾਮਲ
ਜ਼ਬਤ ਕੀਤੇ ਗਏ ਸੱਪਾਂ ‘ਚ ਤਿੰਨ ਸਪਾਇਡਰ-ਟੇਲਡ ਹਾਰਨਡ ਵਾਈਪਰ ਵੀ ਸ਼ਾਮਲ ਹਨ। ਇਹ ਇੱਕ ਦੁਰਲੱਭ ਮਾਰੂਥਲ ਸੱਪ ਹੈ, ਜੋ ਆਪਣੀ ਮੱਕੜੀ ਵਰਗੀ ਪੂਛ ਨਾਲ ਸ਼ਿਕਾਰ ਨੂੰ ਲੁਭਾਉਂਦਾ ਹੈ ਅਤੇ ਦੁਨੀਆ ਭਰ ਵਿੱਚ ਇਸਦੀ ਬਹੁਤ ਮੰਗ ਹੈ। ਇਸ ਕਾਰਵਾਈ ਨੂੰ ਜੰਗਲੀ ਜੀਵ ਤਸਕਰਾਂ ਵਿਰੁੱਧ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਦੌਰਾਨ, ਅਧਿਕਾਰੀਆਂ ਨੂੰ ਯਾਤਰੀ ਦੇ ਸਾਮਾਨ ਵਿੱਚ ਲੁਕੇ ਹੋਏ 5 ਏਸ਼ੀਅਨ ਲੀਫ ਟਰਟਲ (ਕੱਛੂ) ਮਿਲੇ, ਜੋ ਦੱਖਣ-ਪੂਰਬੀ ਏਸ਼ੀਆ ‘ਚ ਪਾਏ ਜਾਂਦੇ ਹਨ ਅਤੇ ਅਕਸਰ ਗੈਰ-ਕਾਨੂੰਨੀ ਪਾਲਤੂ ਜਾਨਵਰਾਂ ਦੇ ਵਪਾਰ ਦਾ ਹਿੱਸਾ ਬਣ ਜਾਂਦੇ ਹਨ। ਇਸ ਤੋਂ ਇਲਾਵਾ, 44 ਇੰਡੋਨੇਸ਼ੀਆਈ ਪਿਟ ਵਾਈਪਰ ਸੱਪ ਬਰਾਮਦ ਕੀਤੇ ਗਏ, ਜਿਨ੍ਹਾਂ ਚੋਂ ਇੱਕ ਆਵਾਜਾਈ ਦੌਰਾਨ ਮਰ ਗਿਆ।

ਸੱਪਾਂ ਦੀ ਹਾਲਤ ਖ਼ਰਾਬ
ਜ਼ਬਤ ਕੀਤੇ ਗਏ ਸਾਰੇ ਸੱਪ ਕਮਜ਼ੋਰ ਹਾਲਤ ਵਿੱਚ ਸੀ। ਅਧਿਕਾਰੀਆਂ ਨੇ ਤੁਰੰਤ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਮਾਹਿਰਾਂ ਨੂੰ ਸੂਚਿਤ ਕੀਤਾ ਤਾਂ ਜੋ ਇਨ੍ਹਾਂ ਜਾਨਵਰਾਂ ਦੀ ਸਹੀ ਦੇਖਭਾਲ ਕੀਤੀ ਜਾ ਸਕੇ। ਜ਼ਿਆਦਾਤਰ ਜੀਵ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਬਤ ਕੀਤੀਆਂ ਗਈਆਂ ਪ੍ਰਜਾਤੀਆਂ ਅੰਤਰਰਾਸ਼ਟਰੀ ਅਤੇ ਭਾਰਤੀ ਕਾਨੂੰਨਾਂ ਅਧੀਨ ਸੁਰੱਖਿਅਤ ਹਨ। ਅਧਿਕਾਰੀ ਹੁਣ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਕਸਟਮ ਐਕਟ, 1962 ਦੇ ਤਹਿਤ ਯਾਤਰੀ ਗ੍ਰਿਫ਼ਤਾਰ
ਅਧਿਕਾਰੀ ਮੁੰਬਈ ਹਵਾਈ ਅੱਡੇ ‘ਤੇ ਫੜੇ ਗਏ ਇਸ ਤਸਕਰੀ ਮਾਮਲੇ ਨੂੰ ਇੱਕ ਗੰਭੀਰ ਅਪਰਾਧ ਮੰਨ ਰਹੇ ਹਨ। ਯਾਤਰੀ ਨੂੰ ਕਸਟਮ ਐਕਟ, 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ 1 ਜੂਨ ਨੂੰ ਇੱਕ ਰਸਮੀ ਜ਼ਬਤ ਰਿਪੋਰਟ ਦਰਜ ਕੀਤੀ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਦੱਖਣ-ਪੂਰਬੀ ਏਸ਼ੀਆ ਤੋਂ ਦੁਰਲੱਭ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਨਾਲ ਜੁੜਿਆ ਹੋ ਸਕਦਾ ਹੈ।