ਬਠਿੰਡਾ ਦੀ ਧੀ ਕੈਨੇਡਾ ‘ਚ ਲਾਪਤਾ, ਪਰਿਵਾਰ ਸਰਕਾਰ ਕੋਲ ਲਾ ਰਿਹਾ ਗੁਹਾਰ, ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਪਰਿਵਾਰ

Bathinda News: ਪਰਿਵਾਰ ਨੂੰ ਸੰਦੀਪ ਦਾ ਸੋਸ਼ਲ ਮੀਡੀਆ ਵੀ ਬੰਦ ਮਿਲ ਰਿਹਾ ਹੈ, ਹੁਣ ਪਰਿਵਾਰ ਪੰਜਾਬ ਤੇ ਕੇਂਦਰ ਸਰਕਾਰ ਤੋਂ ਲੜਕੀ ਦਾ ਪਤਾ ਲਗਾਉਣ ਦੀ ਗੁਹਾਰ ਲਗਵਾਈ ਹੈ।
Punjab Girl Missing in Canada: ਪੰਜਾਬ ਦੀ ਜਵਾਨੀ ਕਾਮਯਾਬ ਜ਼ਿੰਦਗੀ ਲਈ ਬਾਹਰਲੇ ਮੁਲਕ ਵੱਲ ਭੱਜ ਰਹੀ ਹੈ। ਇਸ ਦੌਰਾਨ ਉਥੇ ਉਨ੍ਹਾਂ ਨਾਲ ਕਈ ਵਾਰਦਾਤਾਂ ਵੀ ਵਾਪਰ ਰਹੀਆਂ ਨੇ, ਪਰ ਲੋਕਾਂ ਅਤੇ ਪੰਜਾਬੀ ਨੌਜਵਾਨਾਂ ਦੇ ਸਿਰ ਤੋਂ ਬਾਹਰ ਜਾਣ ਦਾ ਭੁੱਤ ਉਤਰਨ ਦਾ ਨਾਂ ਨਹੀਂ ਲੈ ਰਿਹਾ। ਦੂਰ ਦਰਾੜਿਆਂ ਆ ਰਹੀਆਂ ਮੰਦਭਾਗੀ ਖ਼ਬਰਾਂ ਦੇ ਨਾਲ ਹੀ ਇੱਕ ਵਾਰ ਫਿਰ ਦਿਲ ਨੂੰ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ।
ਬਠਿੰਡਾ ਦੇ ਪਿੰਡ ਸੰਦੋਹਾ ਦੀ ਸੰਦੀਪ ਕੌਰ 15 ਜਨਵਰੀ ਤੋਂ ਕੈਨੇਡਾ ‘ਚ ਲਾਪਤਾ ਦੱਸੀ ਜਾ ਰਹੀ ਹੈ। ਪਰਿਵਾਰ ਨੂੰ ਸੰਦੀਪ ਦਾ ਸੋਸ਼ਲ ਮੀਡੀਆ ਵੀ ਬੰਦ ਮਿਲ ਰਿਹਾ ਹੈ, ਅਜਿਹੇ ‘ਚ ਭੇਦਭਰੇ ਹਾਲਾਤ ‘ਚ ਲਾਪਤਾ ਹੋਣ ਕਰਕੇ ਘਬਰਾਏ ਪਰਿਵਾਰ ਨੇ ਹੁਣ ਪੰਜਾਬ ਤੇ ਕੇਂਦਰ ਸਰਕਾਰ ਤੋਂ ਉਹਨਾਂ ਦੀ ਲੜਕੀ ਦਾ ਪਤਾ ਲਗਾਉਣ ਦੀ ਗੁਹਾਰ ਲਗਵਾਈ ਹੈ। ਬੇਸ਼ੱਕ ਇਸ ਮਾਮਲੇ ‘ਚ ਕੈਨੇਡਾ ਪੁਲਿਸ ਲੜਕੀ ਦੀ ਬੀਚ ‘ਚ ਡੁੱਬਣ ਦੀ ਗੱਲ ਕਰ ਰਹੀ ਹੈ ਪਰ ਪਰਿਵਾਰ ਹੁਣ ਆਪਣੀ ਲੜਕੀ ਦੇ ਮਾਮਲੇ ਵਿੱਚ ਜਿਥੇ ਉੱਚ ਪਧਰੀ ਜਾਂਚ ਕਰਕੇ ਪੂਰੇ ਮਾਮਲੇ ਦੀ ਸੱਚਾਈ ਦੀ ਮੰਗ ਕਰ ਰਿਹਾ ਹੈ।
ਲੜਕੀ ਦੇ ਭਰਾ ਨੇ ਦੱਸਿਆ ਕਿ ਉਸਨੇ ਕਰੀਬ ਤਿੰਨ ਮਹੀਨਾ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸੀ ਤੇ ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ। ਉਸ ਦੀ ਆਪਣੇ ਮਾਮੇ ਨਾਲ 01 ਜਨਵਰੀ ਨੂੰ ਗੱਲ ਹੋਈ ਸੀ ਅਤੇ ਇਸ ਦੌਰਾਨ ਉਹ ਕਾਫੀ ਨਰਵਸ ਲੱਗ ਰਹੀ ਸੀ। ਨਾਲ ਹੀ ਕੰਮ ਨਾ ਮਿਲਣ ਕਰਕੇ ਉਸ ਨੇ ਚਿੰਤਾ ਪ੍ਰਗਟਾਈ ਸੀ।
ਦੱਸ ਦਈਏ ਕਿ ਗਰੀਬੀ ਕਰਕੇ ਲਾਪਤਾ ਲੜਕੀ ਸੰਦੀਪ ਕੌਰ ਨੂੰ ਉਸ ਦੇ ਮਾਪਿਆਂ ਅਤੇ ਨਾਨਕਿਆਂ ਨੇ ਰਲ ਮਿਲ ਕੇ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਜਾਣ ਦੇ ਅਰਮਾਨ ਨੂੰ ਪੂਰਾ ਕੀਤਾ ਸੀ। ਹਾਸਲ ਜਾਣਕਾਰੀ ਮੁਤਾਬਕ ਸੰਦੀਪ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਹੁਣ ਉਹ ਰੁਜ਼ਗਾਰ ਦੀ ਭਾਲ ਵਿੱਚ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਪਰਿਵਾਰ ਨਾਲ ਉਸ ਦੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਹ ਪਰਿਵਾਰ ਨੂੰ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਤੇ ਮਿਹਨਤ ਕਰਕੇ ਪੈਸੇ ਕਮਾ ਕੇ ਕਰਜ਼ਾ ਵੀ ਉਤਾਰਣ ਦਾ ਵਾਅਦਾ ਕਰਦੀ ਸੀ।