Punjab News- ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਦੀਵਾਨ ਦੇ ਅਹਿਮ ਮੈਂਬਰਾਂ ਦੀ ਪਰਵਾਹ ਨਾ ਕਰਦੇ ਹੋਏ ਨਵੇਂ ਨਿਯਮ ਤਹਿਤ 65 ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਨ੍ਹਾਂ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪਿਤਾ ਸਤਿਆਜੀਤ ਸਿੰਘ ਮਜੀਠੀਆ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ।
ਇਹ ਕਾਰਵਾਈ ਚੀਫ ਖਾਲਸਾ ਦੀਵਾਨ ਨੇ ਸਲਾਨਾ ਬਜਟ 2025-26 ਪੇਸ਼ ਕਰਨ ਦੀ ਜਨਰਲ ਇਕੱਤਰਤਾ ਵਿੱਚ 30 ਮਾਰਚ 2025 ਨੂੰ ਕੀਤੀ ਹੈ। ਇਸ ਕਾਰਵਾਈ ਵਿੱਚ 65 ਮੈਂਬਰਾਂ ਦੀ ਮੁਢਲੀ ਮੈਂਬਰਸ਼ਿਪ ਹੀ ਰੱਦ ਕਰ ਦਿੱਤੀ ਗਈ ਹੈ। ਹਵਾਲਾ ਇਹ ਦਿੱਤਾ ਗਿਆ ਹੈ ਕਿ ਇਹਨਾਂ ਮੈਂਬਰਾਂ ਨੇ 12,15 ਤੇ 18 ਮੀਟਿੰਗਾਂ ਵਿੱਚ ਭਾਗ ਨਹੀਂ ਲਿਆ ਉਨ੍ਹਾਂ ਮੈਂਬਰਾਂ ਦੀ ਚੀਫ ਖਾਲਸਾ ਦੀਵਾਨ ਪ੍ਰਤੀ ਸੁਹਿਰਦਤਾ ਨਾ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਪਰ ਕਈ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਅਗਾਹੂ ਸੂਚਿਤ ਕਰਨਾ ਬਣਦਾ ਸੀ ਤਾਂ ਜੋ ਜਿਹੜੇ ਮੈਂਬਰ ਜੇਕਰ ਦੀਵਾਨ ਵਿੱਚ ਲਗਾਤਾਰ ਆਪਣੀਆਂ ਸੇਵਾਵਾਂ ਦੇਣ ਲਈ ਚਾਹਵਾਨ ਸਨ ਤਾਂ ਉਹ ਅਗਲੀ ਮੀਟਿੰਗਾਂ ਵਿੱਚ ਹਿੱਸਾ ਲੈ ਕੇ ਆਪਣੀ ਮੈਂਬਰਸ਼ਿਪ ਨੂੰ ਲਗਾਤਾਰ ਜਾਰੀ ਰੱਖ ਸਕਦੇ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਰੱਦ ਹੋਈਆਂ ਮੈਂਬਰਸ਼ਿਪ ਵਿੱਚ ਅੱਠ ਮੈਂਬਰ ਅੰਮ੍ਰਿਤਸਰ, ਇੱਕ ਕੈਨੇਡਾ, ਸੱਤ ਚੰਡੀਗੜ੍ਹ, ਚਾਰ ਦੁਬਈ, ਇੱਕ ਹੁਸ਼ਿਆਰਪੁਰ, 6 ਜਲੰਧਰ, ਸੱਤ ਕਾਨਪੁਰ, 11 ਲੁਧਿਆਣਾ, ਦੋ ਮੁੰਬਈ’ 15 ਦਿੱਲੀ ਅਤੇ ਤਿੰਨ ਮੈਂਬਰ ਤਰਨ ਤਾਰਨ ਦੇ ਸ਼ਾਮਲ ਹਨ।
ਤਕਰੀਬਨ 500 ਮੈਂਬਰਾਂ ਵਿੱਚੋਂ 65 ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ 30 ਮਾਰਚ ਨੂੰ ਹੋਈ ਇਕੱਤਰਤਾ ਵਿੱਚ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੋਈ ਵੀ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ। ਜਿਨ੍ਹਾਂ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ। ਉਹਨਾਂ ਵੱਲੋਂ ਮੈਂਬਰਸ਼ਿਪ ਰੱਦ ਕਰਨ ‘ਤੇ ਰੋਸ ਜਾਹਿਰ ਕੀਤਾ ਜਾ ਰਿਹਾ ਹੈ।