liquor News: ਧਨਬਾਦ ’ਚ ਚੂਹਿਆਂ ਦੇ ਸ਼ਰਾਬ ਪੀਣ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੂਹਿਆਂ ਨੇ ਇਕ ਜਾਂ ਦੋ ਨਹੀਂ ਸਗੋਂ ਸ਼ਰਾਬ ਦੀਆਂ 802 ਬੋਤਲਾਂ ਪੀ ਲਈਆਂ। ਠੇਕੇ ਦੇ ਮਾਲਕਾਂ ਨੂੰ ਪੁੱਛਿਆ ਗਿਆ ਕਿ ਚੂਹੇ ਕਿਵੇਂ ਸ਼ਰਾਬ ਪੀ ਗਏ ਕਿਉਂਕਿ ਉਹ ਬੋਤਲ ’ਚ ਮੂੰਹ ਤਾਂ ਪਾ ਨਹੀਂ ਸਕਦੇ। ਇਸ ’ਤੇ ਜੋ ਜਵਾਬ ਮਿਲਿਆ, ਉਹ ਹੋਰ ਵੀ ਹੈਰਾਨ ਕਰਨ ਵਾਲਾ ਸੀ। ਇਕ ਸ਼ਰਾਬ ਵਿਕ੍ਰੇਤਾ ਨੇ ਕਿਹਾ, ‘ਸਾਹਿਬ, ਢੱਕਣ ਕੁਤਰਨ ਤੋਂ ਬਾਅਦ ਚੂਹਿਆਂ ਨੇ ਆਪਣੀ ਪੂਛ ਬੋਤਲ ’ਚ ਪਾਈ ਹੋਵੇਗੀ। ਇਸ ਤੋਂ ਬਾਅਦ ਪੂਛ ਕੱਢ ਕੇ ਚੱਟ-ਚੱਟ ਕੇ ਉਹ ਸ਼ਰਾਬ ਪੀ ਜਾਂਦੇ ਹਨ।’ ਕੁਝ ਬੋਤਲਾਂ ਟੁੱਟੀਆਂ ਵੀ ਮਿਲੀਆਂ ਹਨ। ਠੇਕੇ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੰਮ ਵੀ ਚੂਹਿਆਂ ਨੇ ਹੀ ਕੀਤਾ ਹੋਵੇਗਾ। ਚੂਹਿਆਂ ਦੇ ਸ਼ਰਾਬ ਪੀਣ ਦਾ ਇਹ ਮਾਮਲਾ ਬਲਿਆਪੁਰ ਤੇ ਪ੍ਰਧਾਨਖੰਤਾ ਦੇ ਦੋ ਠੇਕਿਆ ’ਚ ਸਾਹਮਣੇ ਆਇਆ ਹੈ।
ਚੂਹਿਆਂ ਨੇ ਸ਼ਰਾਬ ਪੀਤੀ ਜਾਂ ਨਹੀਂ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਠੇਕੇ ਦੇ ਮੁਲਾਜ਼ਮਾਂ ਦਾ ਜਵਾਬ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਰਾਮਲੀਲਾ ਰਵਾਨੀ ਦਾ ਕਹਿਣਾ ਹੈ ਕਿ ਸ਼ਰਾਬ ਦੀਆਂ ਬੋਤਲਾਂ ਟੁੱਟ ਜਾਣ ਜਾਂ ਘੱਟ ਹੋ ਜਾਣ ਨਾਲ ਐਕਸਾਈਜ਼ ਵਿਭਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਠੇਕੇ ਵਿਚ ਸਟਾਕ ਤੋਂ ਘੱਟ ਸ਼ਰਾਬ ਮਿਲਦੀ ਹੈ ਤਾਂ ਭਰਪਾਈ ਸੰਬੰਧਤ ਕੰਪਨੀ ਨੂੰ ਕਰਨੀ ਪਵੇਗੀ।
ਜ਼ਿਕਰਯੋਗ ਹੈ ਕਿ ਹੁਣ ਤੱਕ ਝਾਰਖੰਡ ’ਚ ਸ਼ਰਾਬ ਦੀ ਵਿਕਰੀ ਐਕਸਾਈਜ਼ ਵਿਭਾਗ ਦੇ ਅਧੀਨ ਹੋ ਰਹੀ ਸੀ। ਇਸ ਲਈ ਪਲੇਸਮੈਂਟ ਏਜੰਸੀਆਂ ਨੂੰ ਨਿਯੁਕਤ ਕੀਤਾ ਗਿਆ ਸੀ। ਧਨਬਾਦ ’ਚ ਵਿਭਾਗੀ ਪ੍ਰਬੰਧ ਤਹਿਤ ਠੇਕਿਆਂ ’ਚ ਸਟਾਕ ਵੀ ਵਿਭਾਗ ਮੁਹੱਈਆ ਕਰਵਾਉਂਦਾ ਹੈ। ਰੱਖ-ਰਖਾਅ ਤੇ ਵਿਕਰੀ ਦੀ ਜ਼ਿੰਮੇਵਾਰੀ ਕੰਪਨੀ ਦੇ ਨੁਮਾਇੰਦਿਆਂ ਦੀ ਹੁੰਦੀ ਹੈ। ਜਾਂਚ ਦੌਰਾਨ ਧਨਬਾਦ ’ਚ ਦੋ ਠੇਕਿਆਂ ਵਿਚ 802 ਬੋਤਲਾਂ ਸ਼ਰਾਬ ਸਟਾਕ ਤੋਂ ਘੱਟ ਮਿਲੀਆਂ। ਕੁਝ ਖਾਲੀ ਬੋਤਲਾਂ ਵੀ ਮਿਲੀਆਂ ਜਿਨ੍ਹਾਂ ਦੇ ਢੱਕਣ ਕੁਤਰੇ ਹੋਏ ਸਨ। ਅਧਿਕਾਰੀਆਂ ਨੇ ਠੇਕੇ ਦੇ ਮੁਲਾਜ਼ਮਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਜਵਾਬ ਸੁਣ ਕੇ ਹੈਰਾਨ ਰਹਿ ਗਏ।