ਜੰਮੂ, 28 ਜੁਲਾਈ 2025 – ਜੰਮੂ ਦੇ ਗਾਂਧੀ ਨਗਰ ਇਲਾਕੇ ‘ਚ ਐਤਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇੱਕ ਕਾਰ ਸਵਾਰ ਨੇ ਪਹਿਲਾਂ ਇੱਕ ਬੁਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰੀ ਅਤੇ ਫਿਰ ਵਾਹਨ ਨੂੰ ਪਿੱਛੇ ਕਰਕੇ ਉਸੇ ਬੁਜ਼ੁਰਗ ਨੂੰ ਬੇਰਹਮੀ ਨਾਲ ਦੁਬਾਰਾ ਕੁਚਲ ਦਿੱਤਾ।
ਵਾਇਰਲ ਵੀਡੀਓ ਨੇ ਮਚਾਈ ਸਨਸਨੀ
ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਜਿਸ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਦੁਰਘਟਨਾ ਸਿਰਫ਼ ਹਾਦਸਾ ਨਹੀਂ ਸੀ, ਸਗੋਂ ਇਰਾਦਤਨ ਕੀਤਾ ਗਿਆ ਹਮਲਾ ਸੀ।
ਟੱਕਰ ਤੋਂ ਬਾਅਦ ਦਿੱਤੀਆਂ ਗਾਲਾਂ ਅਤੇ ਧਮਕੀਆ
ਚਸ਼ਮਦੀਦਾਂ ਅਨੁਸਾਰ, ਕਾਰ ਸਵਾਰ ਨੇ ਨਾ ਸਿਰਫ਼ ਬੁਜ਼ੁਰਗ ਨੂੰ ਗੱਡੀ ਨਾਲ ਟੱਕਰ ਮਾਰੀ, ਸਗੋਂ ਉਨ੍ਹਾਂ ਨੂੰ ਗਾਲਾਂ ਕੱਢ ਕੇ ਧਮਕੀ ਵੀ ਦਿੱਤੀ ਕਿ “ਜੇ ਕਿਸੇ ਨੂੰ ਦੱਸਿਆ ਤਾਂ ਨਤੀਜਾ ਹੋਰ ਭਿਆਨਕ ਹੋਵੇਗਾ।”
ਕਾਰ ਦੀ ਪਛਾਣ ਹੋ ਚੁੱਕੀ ਹੈ, ਜੋ ਕਿ JK ਨੰਬਰ ਨਾਲ ਰਜਿਸਟਰਡ ਹੈ।ਰਾਹਗੀਰਾਂ ਨੇ ਕਿਸੇ ਤਰੀਕੇ ਨਾਲ ਬੁਜ਼ੁਰਗ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਗਾਂਧੀ ਨਗਰ ਦੇ ਲੋਕਾਂ ਨੇ ਦੱਸਿਆ ਕਿ ਇਹ ਸਧਾਰਣ ਐਕਸੀਡੈਂਟ ਨਹੀਂ ਸੀ, ਸਗੋਂ ਇੱਕ ਪੂਰਵ ਯੋਜਨਾਬੱਧ ਹਮਲਾ ਸੀ। ਉਨ੍ਹਾਂ ਅਨੁਸਾਰ ਇਸ ਪਿੱਛੇ ਪੁਰਾਣੀ ਰੰਜਿਸ਼ ਜਾਂ ਫਿਰ ਮਾਨਸਿਕ ਬਿਮਾਰੀ ਕਾਰਨ ਹਮਲਾ ਕੀਤਾ ਗਿਆ ਹੋ ਸਕਦਾ ਹੈ।
ਪੁਲਿਸ ਨੇ ਕੀਤਾ ਮਾਮਲਾ ਦਰਜ, ਤਫਤੀਸ਼ ਜਾਰੀ
ਗਾਂਧੀ ਨਗਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਧਾਰਾ 307 (ਕਤਲ ਦੀ ਕੋਸ਼ਿਸ਼) ਅਧੀਨ ਕੇਸ ਦਰਜ ਕੀਤਾ ਗਿਆ ਹੈ।
ਸੀਸੀਟੀਵੀ ਅਤੇ ਮੋਬਾਈਲ ਵੀਡੀਓਜ਼ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਕਰਨ ਅਤੇ ਉਸ ਨੂੰ ਜਲਦੀ ਗਿਰਫ਼ਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।