Landslide in Chamoli, Uttarakhand; ਉਤਰਾਖੰਡ ਦੇ ਚਮੋਲੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਚਮੋਲੀ ਦੇ ਹੇਲਾਂਗ ਡੈਮ ਵਾਲੀ ਥਾਂ ‘ਤੇ ਭਾਰੀ ਜ਼ਮੀਨ ਖਿਸਕ ਗਈ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉੱਥੇ ਲਗਭਗ 200 ਮਜ਼ਦੂਰ ਕੰਮ ਕਰ ਰਹੇ ਸਨ। ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਾੜੀ ਤੋਂ ਮਲਬਾ ਕਿਵੇਂ ਹੇਠਾਂ ਆ ਰਿਹਾ ਹੈ।
ਜਾਣਕਾਰੀ ਅਨੁਸਾਰ, ਪਿਪਲਕੋਟੀ ਵਿੱਚ ਵਿਸ਼ਨੂੰਗੜ ਹਾਈਡ੍ਰੋ ਪ੍ਰੋਜੈਕਟ ਦੇ ਡੈਮ ਵਾਲੀ ਥਾਂ ‘ਤੇ ਪਹਾੜ ਟੁੱਟ ਕੇ ਡਿੱਗ ਗਿਆ ਹੈ। ਘਟਨਾ ਸਮੇਂ ਕਈ ਮਜ਼ਦੂਰ ਉੱਥੇ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਬਚਾਅ ਕਾਰਜਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ
ਹੇਲਾਂਗ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਪਹਾੜ ਡਿੱਗਣ ਤੋਂ ਬਾਅਦ ਮਜ਼ਦੂਰਾਂ ਵਿੱਚ ਭਗਦੜ ਮਚ ਗਈ ਅਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਾਦਸੇ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।