Action Against Drugs: ਅੰਮ੍ਰਿਤਸਰ ’ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਜੰਗ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਜਨਕ ਸਿੰਘ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਪਿੰਡ ਰਨਗੜ ਅਟਾਰੀ ਬਾਰਡਰ ਦੇ ਨੇੜੇ ਰਹਿੰਦਾ ਹੈ ਅਤੇ ਇਸ ’ਤੇ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ। ਉਸ ਦੇ ਪਰਿਵਾਰ ਦੇ ਮੈਂਬਰਾਂ ’ਤੇ ਵੀ ਕੇਸ ਦਰਜ ਹਨ। ਪੁਲਿਸ ਨੂੰ ਪੀਡੀਪੀ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਹ ਕਾਲੇ ਧਨ ਨਾਲ ਸਰਕਾਰੀ ਜ਼ਮੀਨ ’ਤੇ ਗੈਰਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਨਕ੍ਰੋਚਮੈਂਟ ਹਟਾਈ। ਇਹ ਅੰਮ੍ਰਿਤਸਰ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਵੱਡੀ ਕਾਰਵਾਈ ਹੈ। ਉਹਨਾਂ ਕਿਹਾ ਕਿ ਅਜੇ ਤੱਕ ਅੰਮ੍ਰਿਤਸਰ ਦਿਹਾਤੀ ਪੁਲਿਸ 150 ਕਿਲੋ ਹੈਰੋਇਨ ਫੜ ਚੁੱਕੀ ਹੈ, ਜਦਕਿ ਲਗਭਗ 2 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ ਲਗਭਗ 4 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ ਗਈ ਹੈ।
ਐਸਐਸਪੀ ਨੇ ਕਿਹਾ ਕਿ ਜਨਕ ਸਿੰਘ ਹਾਲ ਹੀ ਵਿੱਚ ਜੇਲ੍ਹ ਤੋਂ ਬੇਲ ’ਤੇ ਬਾਹਰ ਆਇਆ ਹੈ, ਪਰ ਉਹ ਫਿਰ ਕਾਲੇ ਧਨ ਨਾਲ ਘਰ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਚੇਤਾਵਨੀ ਦਿੱਤੀ ਕਿ ਜੋ ਵੀ ਨਸ਼ੇ ਦਾ ਧੰਦਾ ਕਰੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਦੂਰ ਰਹੋ, ਮਿਹਨਤ ਕਰੋ, ਚੰਗਾ ਕੰਮ ਕਰੋ ਅਤੇ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਂ ਰੌਸ਼ਨ ਕਰੋ। ਇਹ ਗੁਰੂਆਂ-ਪੀਰਾਂ ਦੀ ਧਰਤੀ ਹੈ, ਇਸ ਨੂੰ ਬਦਨਾਮ ਨਾ ਕੀਤਾ ਜਾਵੇ।