Punjab Food Heritage: ਪੰਜਾਬ ਦਾ ਫੂਡ ਪ੍ਰੋਸੈਸਿੰਗ ਵਿਭਾਗ ਅੰਮ੍ਰਿਤਸਰ ਦੇ ਮਸ਼ਹੂਰ ਪਕਵਾਨ, ਅੰਮ੍ਰਿਤਸਰੀ ਕੁਲਚਾ ਲਈ ਭੂਗੋਲਿਕ ਸੰਕੇਤ (GI) ਟੈਗ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰ ਰਿਹਾ ਹੈ।
ਇਹ ਜ਼ਿਕਰਯੋਗ ਹੈ ਕਿ GI ਟੈਗ ਇੱਕ ਲੇਬਲ ਹੈ, ਜੋ ਕਿਸੇ ਖਾਸ ਭੂਗੋਲਿਕ ਖੇਤਰ ਜਿਵੇਂ ਕਿ ਇੱਕ ਖਾਸ ਇਲਾਕਾ, ਕਸਬਾ ਜਾਂ ਦੇਸ਼ ਦੇ ਸੰਦਰਭ ਵਿੱਚ ਵਿਸ਼ੇਸ਼ ਗੁਣਵੱਤਾ, ਸ਼੍ਰੇਣੀ ਜਾਂ ਵਿਸ਼ੇਸ਼ਤਾ ਵਾਲੇ ਉਤਪਾਦਾਂ ਨੂੰ ਦਿੱਤਾ ਜਾਂਦਾ ਹੈ।
ਮੀਟਿੰਗ ਦੌਰਾਨ ਕੀਤਾ ਗਿਆ ਐਲਾਨ
ਇਹ ਐਲਾਨ ਪੰਜਾਬ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਪਹਿਲਕਦਮੀਆਂ ‘ਤੇ ਚਰਚਾ ਕਰਨ ਲਈ ਆਯੋਜਿਤ ਇੱਕ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਵਿੱਚ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ, ਉਦਯੋਗਿਕ ਸੰਗਠਨ ਅਤੇ ਮੁਰੱਬਾ, ਅਚਾਰ, ਬਾਸਮਤੀ ਚੌਲ, ਸ਼ਹਿਦ ਅਤੇ ਗੁੜ ਦੀਆਂ ਪ੍ਰੋਸੈਸਿੰਗ ਇਕਾਈਆਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।
ਨਵੀਆਂ ਨੌਕਰੀਆਂ ਪੈਦਾ ਹੋਣਗੀਆਂ
GI ਟੈਗ ਪ੍ਰਾਪਤ ਕਰਨ ਦੇ ਫਾਇਦਿਆਂ ਨੂੰ ਉਜਾਗਰ ਕਰਦੇ ਹੋਏ, ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਨਾ ਸਿਰਫ ਇਸ ਪਵਿੱਤਰ ਸ਼ਹਿਰ ਦੀ ਵਿਲੱਖਣ ਭੋਜਨ ਵਿਰਾਸਤ ਨੂੰ ਉਤਸ਼ਾਹਿਤ ਕਰੇਗਾ ਬਲਕਿ ਬ੍ਰਾਂਡਿੰਗ, ਨਿਰਯਾਤ, ਮਾਰਕੀਟ ਵਿਸਥਾਰ ਲਈ ਨਵੇਂ ਮੌਕੇ ਵੀ ਪੈਦਾ ਕਰੇਗਾ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਮੀਟਿੰਗ ਵਿੱਚ ਅਸ਼ੋਕ ਸੇਠੀ, ਰਾਕੇਸ਼ ਠੁਕਰਾਲ, ਸੁਰਿੰਦਰ ਲਖੇਸਰ, ਡਾ. ਡੀ.ਐਸ. ਸੋਗੀ (ਪ੍ਰੋਫੈਸਰ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ, ਜੀ.ਐਨ.ਡੀ.ਯੂ.) ਅਤੇ ਉਦਯੋਗ ਦੇ ਪ੍ਰਤੀਨਿਧੀ ਸ਼ਾਮਲ ਹੋਏ।