ਖਟਕੜ ਕਲਾਂ ਪਹੁੰਚੇ CM ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ, ਲੋਕਾਂ ਨੂੰ ਜਲਦ ਸਮਰਪਿਤ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ

Shaheed-E-Azam Bhagat Singh Birthday: ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਅਜਾਇਬ ਘਰ ‘ਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ। CM Mann Tribute to Shaheed-E-Azam Bhagat Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ […]
Jaspreet Singh
By : Updated On: 28 Sep 2025 20:03:PM
ਖਟਕੜ ਕਲਾਂ ਪਹੁੰਚੇ CM ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ, ਲੋਕਾਂ ਨੂੰ ਜਲਦ ਸਮਰਪਿਤ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ

Shaheed-E-Azam Bhagat Singh Birthday: ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਅਜਾਇਬ ਘਰ ‘ਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ।

CM Mann Tribute to Shaheed-E-Azam Bhagat Singh: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਆਉਣ ਵਾਲੇ ਮਹੀਨਿਆਂ ‘ਚ ਮਹਾਨ ਸ਼ਹੀਦ ਦੇ ਜੱਦੀ ਪਿੰਡ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਸੂਬੇ ਨੂੰ ਸਮਰਪਿਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ 30 x 20 ਫੁੱਟ ਆਕਾਰ ਦਾ ਕੌਮੀ ਝੰਡਾ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਦਾ ਹਿੱਸਾ ਹੈ, ਜੋ ਸਾਰਿਆਂ ਲਈ ਸਤਿਕਾਰਤ ਇਸ ਸਥਾਨ ਦਾ ਮਾਣ-ਸਨਮਾਨ ਹੋਰ ਵਧਾਏਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਕੰਪਲੈਕਸ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜੋ ਬਹੁਤ ਜਲਦ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 51.70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਕੰਪਲੈਕਸ ਸ਼ਹੀਦ-ਏ-ਆਜ਼ਮ ਨੂੰ ਇੱਕ ਨਿਮਰ ਸ਼ਰਧਾਂਜਲੀ ਹੈ।

ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਭਾਰਤ ਨੂੰ ਵਿਦੇਸ਼ੀ ਸਾਮਰਾਜਵਾਦ ਦੀਆਂ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਜੈਕਟ ਦੇਸ਼ ਦੀ ਨਿਰਸਵਾਰਥ ਸੇਵਾ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ ਅਤੇ ਕਿਹਾ ਕਿ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਸਾਡੀ ਮਿੱਟੀ ਦੇ ਮਹਾਨ ਸਪੂਤ ਦੀ ਬੇਮਿਸਾਲ ਵਿਰਾਸਤ ਨੂੰ ਸੰਭਾਲਣਾ ਅਤੇ ਵੱਧ ਤੋਂ ਵੱਧ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੰਪਲੈਕਸ ਸਿਰਫ਼ ਇੱਕ ਸਮਾਰਕ ਨਹੀਂ, ਸਗੋਂ ਇੱਕ ਵਿਲੱਖਣ ਅਨੁਭਵ ਹੋਵੇਗਾ ਕਿਉਂਕਿ ਇਹ ਸੈਲਾਨੀਆਂ ਨੂੰ ਮਾਤ ਭੂਮੀ ਲਈ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ, ਉਨ੍ਹਾਂ ਦੀ ਡੂੰਘੀ ਸੂਝ-ਬੂਝ ਅਤੇ ਦਲੇਰਾਨਾ ਭਾਵਨਾ ਬਾਰੇ ਨੇੜਿਓਂ ਜਾਣਨ ਦਾ ਮੌਕਾ ਦੇਵੇਗਾ।

https://twitter.com/i/broadcasts/1OdJrOMZlePxX

700 ਸੀਟਾਂ ਵਾਲਾ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਆਡੀਟੋਰੀਅਮ ਹੋਵੇਗਾ

ਮੁੱਖ ਮੰਤਰੀ ਨੇ ਦੁਹਰਾਇਆ ਕਿ ਇਸ ਸਮਾਰਕ ਵਿੱਚ ਇੱਕ ਗ੍ਰੈਂਡ ਥੀਮੈਟਿਕ ਗੇਟ, ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਉਨ੍ਹਾਂ ਦੇ ਜੱਦੀ ਘਰ ਨਾਲ ਜੋੜਦੀ 350 ਮੀਟਰ ਲੰਬੀ ਵਿਰਾਸਤੀ ਗਲੀ ਹੋਵੇਗੀ, ਜੋ ਸ਼ਹੀਦ-ਏ-ਆਜ਼ਮ ਦੇ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਨੂੰ ਮੂਰਤੀ-ਕਲਾ, 2ਡੀ/3ਡੀ ਕੰਧ ਕਲਾ ਅਤੇ ਪੁਤਲਿਆਂ ਰਾਹੀਂ ਬਿਆਨ ਕਰਦਿਆਂ ਬਸਤੀਵਾਦੀ ਯੁੱਗ ਦੇ ਭਾਰਤ ਦੇ ਸਾਰ ਨੂੰ ਦਰਸਾਏਗੀ। ਉਨ੍ਹਾਂ ਕਿਹਾ ਕਿ ਇਸ ਵਿੱਚ 700 ਸੀਟਾਂ ਵਾਲਾ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਆਡੀਟੋਰੀਅਮ ਵੀ ਹੋਵੇਗਾ ਅਤੇ ਨਾਲ ਹੀ ਸ਼ਹੀਦ ਭਗਤ ਸਿੰਘ ਦੇ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਵਿਚਲੇ ਜੱਦੀ ਘਰ ਦਾ ਇੱਕ ਮਾਡਲ ਵੀ ਬਣਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਵਿਰਾਸਤੀ ਗਲੀ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਦੀ ਝਲਕ ਬਾਖੂਬੀ ਢੰਗ ਨਾਲ ਪੇਸ਼ ਕੀਤੀ ਜਾਵੇਗੀ।

ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਵਿਰਾਸਤ ਨੂੰ ਕਾਇਮ ਰੱਖਣਾ ਫਰਜ਼

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਖਟਕੜ ਕਲਾਂ ਵਿਖੇ ਮਹਾਨ ਸ਼ਹੀਦ ਦੇ ਜੱਦੀ ਘਰ ਨੂੰ ਸੁਰੱਖਿਅਤ ਢੰਗ ਨਾਲ ਬਹਾਲ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸੈਲਾਨੀਆਂ ਨੂੰ ਪਿਛਲੇ ਸਮੇਂ ‘ਚ ਲਿਜਾ ਕੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਇਨਕਲਾਬੀ ਜੋਸ਼ ਦਾ ਸਾਖੀ ਬਣਾਉਣ ਲਈ ਉਨ੍ਹਾਂ ਦੇ ਅਦਾਲਤੀ ਮੁਕੱਦਮੇ ਦੀ ਡਿਜੀਟਲ ਝਲਕ ਵੀ ਤਿਆਰ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਮੌਜੂਦਾ ਲਾਇਬ੍ਰੇਰੀ ਦਾ ਵੀ ਆਧੁਨਿਕਰਨ ਅਤੇ ਡਿਜੀਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਇਸਦੇ ਅਨੁਭਵ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿਖੇ ਹੋਰ ਸਹੂਲਤਾਂ ਵਿੱਚ ਇੱਕ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਕਾਟੇਜਸ, ਬਾਗਬਾਨੀ ਲੈਂਡਸਕੇਪਿੰਗ, ਇੱਕ ਸੰਗੀਤਕ ਫੁਹਾਰਾ ਅਤੇ ਢੁਕਵੀਂ ਪਾਰਕਿੰਗ ਥਾਂ ਹੋਵੇਗੀ। CM ਮਾਨ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਕਾਇਮ ਰੱਖੇ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 30 ਫੁੱਟ ਉੱਚਾ ਬੁੱਤ

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਕੋਈ ਆਮ ਵਿਅਕਤੀ ਨਹੀਂ ਸਗੋਂ ਇੱਕ ਸੋਚ ਸੀ ਅਤੇ ਸਾਨੂੰ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਹਰ ਯਤਨ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਨੁਸਾਰ ਇੱਕ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਬਣਾਉਣ ਵੱਲ ਕੇਂਦਰਿਤ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੂਰੇ ਮੰਤਰੀ ਮੰਡਲ ਨੇ ਖਟਕੜ ਕਲਾਂ ਦੀ ਇਸ ਪਵਿੱਤਰ ਧਰਤੀ ‘ਤੇ ਅਹੁਦੇ ਦੀ ਸਹੁੰ ਚੁੱਕੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ 23 ਮਾਰਚ, 2022 ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ‘ਤੇ ਹੁਸੈਨੀਵਾਲਾ ਤੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਗਈ ਸੀ, ਜੋ ਭ੍ਰਿਸ਼ਟਾਚਾਰ ਵਿਰੁੱਧ ਜੰਗ ਦੀ ਸ਼ੁਰੂਆਤ ਸੀ। ਸੀਐਮ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਐਸਏਐਸ ਨਗਰ (ਮੋਹਾਲੀ) ਦੇ ਪ੍ਰਵੇਸ਼ ਦੁਆਰ ‘ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 30 ਫੁੱਟ ਉੱਚਾ ਬੁੱਤ ਉਨ੍ਹਾਂ ਦੇ ਸਨਮਾਨ ਵਿੱਚ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ, ਮੋਹਾਲੀ ਹਵਾਈ ਅੱਡੇ ਦਾ ਨਾਮ ਰਸਮੀ ਤੌਰ ‘ਤੇ ਸ਼ਹੀਦ ਭਗਤ ਸਿੰਘ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਲਾਉਣ ਦਾ ਵੀ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਲੋਕ ਇਨ੍ਹਾਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲੈ ਕੇ ਸੂਬੇ ਦੀ ਸੇਵਾ ਕਰਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਇਨ੍ਹਾਂ ਇਨਕਲਾਬੀ ਆਗੂਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦਾ ਸੱਦਾ ਦਿੱਤਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾ ਭੇਟ ਕੀਤੀ ਅਤੇ ਮਹਾਨ ਸ਼ਹੀਦ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਮਹਾਨ ਸ਼ਹੀਦ ਦੀ ਤਸਵੀਰ ਦੀ ਰੰਗੋਲੀ ਬਣਾਉਣ ਵਾਲੀ ਮਜਾਰਾ ਢੀਂਗਰੀਆਂ ਦੀ 11ਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਰਾਜੂ ਨੂੰ ਸਾਬਸ਼ੀ ਵੀ ਦਿੱਤੀ।

Read Latest News and Breaking News at Daily Post TV, Browse for more News

Ad
Ad