Rajvir Jawanda Passes Away: ਜਾਣੋ ਰਾਜਵੀਰ ਦਾ ਪੰਜਾਬ ਪੁਲਿਸ ਮੁਲਾਜ਼ਮ ਤੋਂ ਗਾਇਕ ਬਣਨ ਦਾ ਸਫ਼ਰ

Rajvir Jawanda Death: ਪਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ। ਗਾਇਕ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ। ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕੀਤਾ।
ਦੱਸ ਦੇਈਏ ਕਿ 27 ਸਤੰਬਰ ਨੂੰ ਗਾਇਕ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਦੋਂ ਤੋਂ ਉਹ ਵੈਂਟੀਲੇਟਰ ਸਪੋਰਟ ‘ਤੇ ਸਨ। ਡਾਕਟਰਾਂ ਮੁਤਾਬਕ ਗਾਇਕ ਨੂੰ ਦਿਮਾਗ ਅਤੇ ਰੀੜ੍ਹ ਦੀ ਹੱਡੀ ’ਚ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਕਾਫੀ ਘੱਟ ਸੀ।
ਦੱਸਣਯੋਗ ਹੈ ਕਿ ਐਕਸੀਡੈਂਟ ਤੋਂ ਬਾਅਦ ਤੋਂ ਦੁਨੀਆ ਭਰ ਦੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ, ਕਲਾਕਾਰਾਂ, ਸਿਆਸਤਦਾਨਾਂ ਵਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਗਈਆਂ ਸਨ ਜੋ ਕਿ ਕਬੂਲ ਨਹੀਂ ਹੋਈਆਂ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਹਰ ਕੋਈ ਚਮਤਕਾਰ ਦੀ ਉਮੀਦ ਕਰ ਰਿਹਾ ਸੀ। ਗਾਇਕ ਦੀ ਮਾਂ ਨੂੰ ਇਸ ਵੇਲੇ ਸਭ ਤੋਂ ਵੱਡਾ ਘਾਟਾ ਪਿਆ ਹੈ, ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਪਤੀ ਨੂੰ ਗੁਆ ਦਿੱਤਾ ਸੀ ਤੇ ਹੁਣ ਉਨ੍ਹਾਂ ਦਾ ਇਕਲੌਤਾ ਪੁੱਤਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ।
ਪੰਜਾਬ ਪੁਲਿਸ ’ਚ ਸਨ ਰਾਜਵੀਰ
ਦੱਸ ਦੇਈਏ ਕਿ ਗਾਇਕ ਰਾਜਵੀਰ ਜਵੰਦਾ ਪੁਲਿਸ ‘ਚ ਸਨ। ਗਾਇਕ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਪੁਲਿਸ ’ਚ ਸੇਵਾ ਨਿਭਾ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵੀ ਪੰਜਾਬ ਪੁਲਿਸ ਜੁਆਇਨ ਕੀਤੀ। ਰਾਜਵੀਰ ਨੂੰ ਗਾਇਕੀ ਦਾ ਬਹੁਤ ਜਨੂੰਨ ਸੀ ਜਿਸ ਨੂੰ ਉਹ ਸਿਖਰਾਂ ‘ਤੇ ਲੈ ਕੇ ਗਏ।
ਰਾਜਵੀਰ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਖੁਸ਼ ਰਿਹਾ ਕਰ’, ‘ਸਰਦਾਰੀ’’, ‘ਲੈਂਡਲਾਰਡ’, ‘ਡਾਊਨ ਟੂ ਅਰਥ’ ਤੇ ‘ਕੰਗਣੀ’ ਵਰਗੇ ਮਸ਼ਹੂਰ ਗੀਤ ਪ੍ਰਸ਼ੰਸਕਾਂ ਦੀ ਝੋਲੀ ਪਾਏ ਹਨ। ਉਹਨਾਂ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’, 2019 ਵਿੱਚ ‘ਜਿੰਦ ਜਾਨ’ ਅਤੇ ‘ਮਿੰਦੋ ਤਸੀਲਦਾਰਨੀ’ ਵਿੱਚ ਵੀ ਅਦਾਕਾਰੀ ਕੀਤੀ ਸੀ।