Champions Trophy 2025 – ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਦੇ ਗਰੁੱਪ ਏ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੇ ਸੈਮੀਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਇਸ ਨਾਲ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਟੂਰਨਾਮੈਂਟ ਤੋਂ ਰਵਾਈ ਪੱਕੀ ਹੋ ਗਈ ਹੈ। ਦੋਵਾਂ ਟੀਮਾਂ ਨੇ ਆਪਣੇ ਸ਼ੁਰੂਆਤੀ ਦੋਨੋ ਮੈਚ ਗੁਆ ਲਏ, ਜਿਸ ਕਾਰਨ ਉਨ੍ਹਾਂ ਦੀ ਅਗਲੇ ਰਾਊਂਡ ਵਿੱਚ ਜਾਣ ਦੀ ਉਮੀਦ ਖਤਮ ਹੋ ਗਈ।
ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
ਚੈਂਪੀਅਨਜ਼ ਟਰਾਫ਼ੀ 2025 ਦਾ ਛੇਵਾਂ ਮੈਚ 24 ਫਰਵਰੀ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ। ਬੰਗਲਾਦੇਸ਼ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 236 ਰਨ ਬਣਾਏ। ਟੀਮ ਦੇ ਕਪਤਾਨ ਨਜਮੁਲ ਹੂਸੈਨ ਸ਼ਾਂਤੋ 77 ਰਨਾਂ ਦੀ ਸ਼ਾਨਦਾਰ ਇਨਿੰਗ ਖੇਡਣ ਵਾਲੇ ਸਭ ਤੋਂ ਵੱਡੇ ਸਕੋਰਰ ਰਹੇ।
ਮਾਈਕਲ ਬ੍ਰੇਸਵੈੱਲ ਨੇ ਲਏ 4 ਵਿਕਟ
ਨਿਊਜ਼ੀਲੈਂਡ ਵਲੋਂ ਮਾਈਕਲ ਬ੍ਰੇਸਵੈੱਲ ਸਭ ਤੋਂ ਵਧੀਆ ਗੇਂਦਬਾਜ਼ ਸਾਬਤ ਹੋਏ। ਉਨ੍ਹਾਂ ਨੇ 10 ਓਵਰ ਵਿੱਚ 26 ਰਨ ਦੇ ਕੇ 4 ਵਿਕਟਾਂ ਲਈਆਂ ਮੈਟ ਹੈਨਰੀ ਅਤੇ ਕਾਈਲ ਜੈਮਿਸਨ ਨੇ ਇੱਕ-ਇੱਕ ਵਿਕਟ ਆਪਣੇ ਨਾਮ ਕੀਤੀ।
ਰਚਿਨ ਰਵਿੰਦਰ ਦੇ ਸ਼ਤਕ ਨਾਲ ਨਿਊਜ਼ੀਲੈਂਡ ਨੇ ਦਰਜ ਕੀਤੀ ਆਸਾਨ ਜਿੱਤ
237 ਰਨਾਂ ਦੇ ਲਕਸ਼ ਨੂੰ ਨਿਊਜ਼ੀਲੈਂਡ ਨੇ 46.1 ਓਵਰ ਵਿੱਚ 5 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਰਚਿਨ ਰਵਿੰਦਰ ਨੇ 105 ਗੇਂਦਾਂ ’ਤੇ 112 ਰਨ ਦੀ ਸ਼ਾਨਦਾਰ ਸ਼ਤਕੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੀ ਰਾਹ ’ਤੇ ਲਾ ਦਿੱਤਾ। ਉਨ੍ਹਾਂ ਦੀ ਇਨਿੰਗ ਵਿੱਚ 12 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਉਨ੍ਹਾਂ ਤੋਂ ਇਲਾਵਾ, ਵਿਕਟਕੀਪਰ-ਬੱਲੇਬਾਜ਼ ਟੌਮ ਲਾਥਮ ਨੇ 76 ਗੇਂਦਾਂ ’ਤੇ 55 ਰਨ ਬਣਾਏ।
ਬੰਗਲਾਦੇਸ਼ ਵਲੋਂ 4 ਗੇਂਦਬਾਜ਼ਾਂ ਨੇ ਲਏ 1-1 ਵਿਕਟ
ਬੰਗਲਾਦੇਸ਼ ਵਲੋਂ ਤਸਕੀਨ ਅਹਿਮਦ, ਨਾਹਿਦ ਰਾਣਾ, ਮੁਸਤਾਫਿਜੁਰ ਰਹਮਾਨ ਅਤੇ ਰਿਸ਼ਦ ਹੁਸੈਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਇਲਾਵਾ, ਟੌਮ ਲਾਥਮ ਨੂੰ ਰਨ-ਆਉਟ ਕਰਕੇ ਪੈਵਿਲੀਅਨ ਭੇਜਿਆ ਗਿਆ।
ਭਾਰਤ ਅਤੇ ਨਿਊਜ਼ੀਲੈਂਡ ਸੈਮੀਫਾਈਨਲ ਲਈ ਤਿਆਰ
ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਆਪਣੇ ਖਾਤੇ ਵਿੱਚ 4 ਅੰਕ ਜੋੜ ਲਏ ਅਤੇ ਭਾਰਤ ਦੇ ਨਾਲ ਮਿਲ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ, ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਟੀਮ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।
ਹੁਣ ਸਾਰੇ ਦੀਆਂ ਨਜ਼ਰਾਂ ਗਰੁੱਪ ਬੀ ਦੇ ਮੈਚਾਂ ’ਤੇ ਨੇ, ਜਿੱਥੇ ਦੱਖਣੀ ਅਫਰੀਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਅਫਗਾਨਿਸਤਾਨ ਦੀ ਟਕਰ ਜਾਰੀ ਹੈ।