ਮੌਸਮੀ ਬਦਲਾਅ ਕੁਦਰਤ ਦਾ ਨਿਯਮ ਹੈ। ਇਹ ਨਿਯਮ ਮੁੱਢ ਕਦੀਮ ਤੋਂ ਚੱਲੇ ਆ ਰਹੇ ਹਨ ਅਤੇ ਚੱਲਦੇ ਰਹਿਣਗੇ। ਮੌਸਮੀ ਬਦਲਾਅ ਬਹੁਤ ਸਾਰੀਆਂ ਅਲਾਮਤਾਂ ਪੈਦਾ ਕਰਦੇ ਹਨ ਜਿੰਨ੍ਹਾਂ ਤੋਂ ਥੋੜੇ ਬਹੁਤੇ ਪਰਹੇਜ਼ ਕਰਕੇ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਹਰ ਮੌਸਮੀ ਬਦਲਾਅ ਦੇ ਨਾਲ ਖਾਣ ਪੀਣ ਤੇ ਰਹਿਣ ਸਹਿਣ ਦੇ ਤੌਰ ਤਰੀਕੇ ਬਦਲ ਜਾਂਦੇ ਹਨ। ਮਨੁੱਖੀ ਸਰੀਰ ਪੰਜ ਤੱਤਾਂ ਦਾ ਸੁਮੇਲ ਹੈ ਅਤੇ ਇਹੋ ਪੰਜ ਤੱਤ (ਹਵਾ, ਪਾਣੀ, ਅਗਨੀ,ਧਰਤੀ, ਆਕਾਸ਼) ਸਾਡੇ ਲਈ ਵਧੀਆ ਵੈਦ ਹਕੀਮ ਵੀ ਹਨ। ਇੱਕ ਰੁੱਤ ਦੇ ਜਾਣ ਤੋਂ ਬਾਅਦ ਅਤੇ ਦੂਜੀ ਰੁੱਤ ਦੀ ਆਮਦ ਤੋਂ ਪਹਿਲਾਂ ਕੁੱਝ ਦਿਨ ਨਵਰਾਤਿਆਂ ਦੇ ਮੰਨੇ ਜਾਂਦੇ ਹਨ। ਇਹਨਾਂ ਦਿਨਾਂ ਵਿੱਚ ਵਰਤ ਰੱਖਣੇ ਸਿਹਤ ਲਈ ਬੜੇ ਹੀ ਲਾਭਦਾਇਕ ਹਨ। ਅਜਿਹਾ ਕਰਕੇ ਅਸੀਂ ਆਪਣੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਹਰ ਰੁੱਤ ਦਾ ਖਾਣ ਪਾਣ ਵੱਖਰਾ ਹੁੰਦਾ ਹੈ। ਕੁੱਝ ਦਿਨ ਸਹੀ ਮਾਅਨਿਆਂ ਵਿੱਚ ਵਰਤ ਰੱਖਣੇ ਯਾਨੀ ਕਿ ਹਲਕਾ ਫੁਲਕਾ ਖਾਣ ਪੀਣ ਜਿਵੇਂ ਸਲਾਦ, ਸੂਪ, ਫਲ ਜਾਂ ਫ਼ਲਾਂ ਦਾ ਜੂਸ ਆਦਿ ਸਾਡੇ ਅੰਦਰੂਨੀ ਅੰਗਾਂ ਨੂੰ ਸਾਫ ਕਰਨ ਵਿੱਚ ਸਹਾਈ ਹੁੰਦਾ ਹੈ। ਬਸ਼ਰਤੇ ਵਰਤ ਨੂੰ ਚਰਤ ਨਾ ਸਮਝਿਆ ਜਾਵੇ। ਹਲਕੀ ਫੁਲਕੀ ਕਸਰਤ, ਸਵੇਰੇ ਸ਼ਾਮ ਤਾਜ਼ੀ ਹਵਾ, ਸੂਰਜ ਦੀ ਰੌਸ਼ਨੀ ਸਾਡੇ ਲਈ ਕੁਦਰਤੀ ਵਰਦਾਨ ਹੀ ਤਾਂ ਹਨ। ਇੱਕ ਗੱਲ ਹੋਰ,ਮੌਸਮ ਚਾਹੇ ਕੋਈ ਹੋਵੇ ਹਮੇਸ਼ਾ ਮੌਸਮੀ ਅਤੇ ਇਲਾਕਾਈ ਫ਼ਲ ਸਬਜ਼ੀਆਂ ਦਾ ਸੇਵਨ ਹੀ ਕਰਨਾ ਚਾਹੀਦਾ ਹੈ। ਅਜਿਹਾ ਕਰਕੇ ਅਸੀਂ ਆਪਣੇ ਮਸ਼ੀਨ ਰੂਪੀ ਸਰੀਰ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਹਾਂ ਅਤੇ ਬਦਲਦੇ ਮੌਸਮ ਅਨੁਸਾਰ ਆਪਣੇ ਆਪ ਨੂੰ ਢਾਲ ਸਕਦੇ ਹਾਂ।
ਵੈਦ ਹਕੀਮ ਕਦੇ ਨਾ ਜਾਈਏ।
ਰੁੱਤ ਮੁਤਾਬਕ ਜੇ ਖਾਈਏ ਪਾਈਏ।
ਤਿਵਾੜੀ ਮਨਜੀਤ