ਕੰਗਣਾ ਰਣੌਤ ਮਾਨਹਾਨੀ ਕੇਸ ਵਿੱਚ ਵੱਡਾ ਮੋੜ, ਕੋਰਟ ਨੇ ਹਾਜ਼ਰੀ ਮਾਫ਼ੀ ਅਰਜ਼ੀ ਕੀਤੀ ਰੱਦ
Breaking News; ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨਾਲ ਜੁੜੇ ਮਾਨਹਾਨੀ ਕੇਸ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਵਲੋਂ ਦਿੱਤੀ ਗਈ ਮਾਫ਼ੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ।
ਕੋਰਟ ਨੇ ਸਪਸ਼ਟ ਹੁਕਮ ਦਿੱਤੇ ਹਨ ਕਿ 15 ਜਨਵਰੀ ਨੂੰ ਕੰਗਣਾ ਰਣੌਤ ਨੂੰ ਹਰ ਹਾਲਤ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਹੋਣਾ ਪਵੇਗਾ। ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਹਾਜ਼ਰ ਨਹੀਂ ਹੋਈ, ਤਾਂ ਉਸਦੀ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ ਅਤੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਣਾ ਰਣੌਤ ਵੱਲੋਂ ਚਾਰ ਵਾਰ ਹਾਜ਼ਰੀ ਮਾਫ਼ੀ ਦੀ ਅਰਜ਼ੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਅਰਜ਼ੀਆਂ ਦਾ ਵਿਰੋਧ ਸ਼ਿਕਾਇਤਕਰਤਾ ਦਾਦੀ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਵਹਿਣੀਵਾਲ ਵੱਲੋਂ ਕੀਤਾ ਗਿਆ ਸੀ।
ਕੰਗਣਾ ਰਣੌਤ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਉਹ ਆਪਣੇ ਆਫ਼ਿਸ਼ੀਅਲ ਕੰਮਾਂ ਕਰਕੇ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕਦੀ। ਹਾਲਾਂਕਿ, ਕੋਰਟ ਨੇ ਨੋਟ ਕੀਤਾ ਕਿ ਕੰਗਣਾ ਵੱਲੋਂ ਆਪਣੇ ਜ਼ਰੂਰੀ ਕੰਮਾਂ ਸਬੰਧੀ ਕੋਈ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ ਗਿਆ।
ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਬਿਨਾਂ ਵਜ੍ਹਾ ਅਦਾਲਤ ਦਾ ਕੀਮਤੀ ਸਮਾਂ ਬਰਬਾਦ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਹਾਜ਼ਰੀ ਮਾਫ਼ੀ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ।